ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਕਿ ਟਵਿੱਟਰ ਨੂੰ ਛੱਡ ਕੇ ਬਾਕੀ ਪ੍ਰਮੁੱਖ ਕੰਪਨੀਆਂ ਵੱਲੋਂ ਮੰਨ ਲਏ ਗਏ ਹਨ। ਕੰਪਨੀਆਂ ਨੇ ਸਰਕਾਰ ਵੱਲੋਂ ਮੰਗੀ ਗਈ ਜਾਣਕਾਰੀ ਵੀ ਉਪਲੱਬਧ ਕਰਵਾ ਦਿੱਤੀ ਹੈ।
ਸੂਤਰਾਂ ਮੁਤਾਬਕ ਜ਼ਿਆਦਾਤਰ ਮੁੱਖ ਸੋਸ਼ਲ ਮੀਡੀਆ ਕੰਪਨੀਆਂ ਨੇ ਸੂਚਨਾ ਤਕਨੀਕੀ ਨਿਯਮ 2021 ਦੇ ਅਨੁਸਾਰ ਆਪਣੇ ਅਨੁਪਾਲਣ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਦੀ ਜਾਣਕਾਰੀ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਨਾਲ ਸਾਂਝੀ ਕਰ ਦਿੱਤੀ ਹੈ।
ਇਨ੍ਹਾਂ ਕੰਪਨੀਆਂ ਵਿੱਚ Koo, Sharechat, Telegram, LinkedIn, Google, Facebook ਤੇ WhatsApp ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਸਭ ਨੇ ਮੰਤਰਾਲੇ ਵਲੋਂ ਨਵੇਂ ਨਿਯਮਾਂ ਤਹਿਤ ਮੰਗੀ ਜਾਣਕਾਰੀ ਉਪਲਬਧ ਕਰਵਾ ਦਿੱਤੀ ਹੈ, ਹਾਲਾਂਕਿ ਹਾਲੇ ਤੱਕ ਟਵਿੱਟਰ ਨੇ ਇਹ ਜਾਣਕਾਰੀ ਸਰਕਾਰ ਨੂੰ ਨਹੀਂ ਦਿੱਤੀ ਹੈ।
ਦੱਸ ਦਈਏ ਹਾਲ ਹੀ ਵਿੱਚ ਟੂਲਕਿੱਟ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਦੀ ਸਪੈਸ਼ਲ ਸੈੱਲ ਨੇ ਟਵਿੱਟਰ ਦੇ ਦਿੱਲੀ ਅਤੇ ਗੁਰੂਗ੍ਰਾਮ ਸਥਿਤ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਮਾਈਕ੍ਰੋ ਬਲਾਗਿੰਗ ਸਾਈਟ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਆਈਟੀ ਨਿਯਮਾਂ ਨੂੰ ਲੈ ਕੇ ਟਵਿੱਟਰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਖਟਾ ਚੁੱਕਿਆ ਹੈ ।