ਚੰਡੀਗੜ੍ਹ, (ਅਵਤਾਰ ਸਿੰਘ): ਕਰੋਨਾ ਦੀ ਦੂਜੀ ਲਹਿਰ ਕਾਰਨ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਪ੍ਰਸ਼ਾਸ਼ਨ ਨੇ ਅੱਜ ਕੱਲ੍ਹ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਇਆ ਹੋਇਆ ਹੈ। ਇਸ ਕਾਰਨ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਨੂੰ ਬਹੁਤ ਦਿੱਕਤ ਆ ਰਹੀ ਹੈ। ਪਰ ਰੋਜ਼ ਸੈਰ ਕਰਨ ਵਾਲੇ ਭੀੜ ਤੋਂ ਬਚਣ ਲਈ ਥੋੜਾ ਸੁਵੱਖਤੇ ਆ ਜਾਂਦੇ ਹਨ। ਪ੍ਰਦੂਸ਼ਣ ਘਟਣ ਕਾਰਨ ਸ਼ਹਿਰ ਦੇ ਹਰਿਆਵਲੇ ਇਲਾਕਿਆਂ ਵਿੱਚ ਪੰਛੀਆਂ ਦੀ ਆਮਦ ਵੀ ਵੱਧ ਗਈ ਹੈ। ਮੋਰ, ਗੁਟਾਰਾਂ, ਤਿੱਤਰਾਂ, ਕੋਇਲਾਂ ਦੀਆਂ ਮਨਮੋਹਕ ਆਵਾਜ਼ਾਂ ਸੁਣ ਕੇ ਸੈਰ ਕਰਨ ਵਾਲਿਆਂ ਦੀ ਸਿਹਤ ਵਿੱਚ ਤੰਦਰੁਸਤੀ ਅਤੇ ਤਾਜ਼ਗੀ ਆ ਜਾਂਦੀ ਹੈ। ਇਸ ਮਾਹੌਲ ਵਿੱਚ ਪੰਛੀ ਆਜ਼ਾਦ ਹੋ ਗਏ ਜਾਪਦੇ ਹਨ। ਉਨ੍ਹਾਂ ਨੂੰ ਆਪਣੇ ਰੁੱਖਾਂ ਦੇ ਨੇੜੇ ਘੁੰਮਦੇ ਲੋਕ ਬਹੁਤੇ ਪਸੰਦ ਨਹੀਂ ਹਨ।
ਚੰਡੀਗੜ੍ਹ ਦੇ ਸੈਕਟਰ 50-ਡੀ ਦੀ ਇਕ ਗ੍ਰੀਨ ਬੈਲਟ ਜਿਸ ਨੂੰ ਕਿੱਕਰ ਪਾਰਕ ਵੀ ਕਿਹਾ ਜਾਂਦਾ ਹੈ, ਵਿੱਚ ਵਾਪਰਦੀ ਹੈ ਇਕ ਅਜੀਬ ਘਟਨਾ। ਇਥੇ ਇਕ ਪੰਛੀ ਸਵੇਰੇ ਸੈਰ ਕਰਨ ਵਾਲਿਆਂ ਦੇ ਸਿਰਾਂ ਵਿੱਚ ਆਪਣਾ ਪੰਜਾ ਮਾਰ ਕੇ ਉੱਡ ਜਾਂਦਾ ਹੈ। ਪਹਿਲਾਂ ਤਾਂ ਇਸ ਬਾਰੇ ਕੁਝ ਨਾ ਪਤਾ ਲੱਗਾ ਪਰ ਜਦੋਂ ਘੋਖ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪੰਛੀ ਉੱਲੂ ਹੈ। ਇਹ ਤਿੰਨ ਪੰਛੀ ਵੱਖ ਵੱਖ ਕਿੱਕਰਾਂ ਉਪਰ ਆਪਣਾ ਰੈਣ ਬਸੇਰਾ ਕਰਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਇਹ ਪੰਛੀ ਸ਼੍ਰੀਮਤੀ ਸੁਖਰਾਜ ਕੌਰ ਸੰਧੂ, ਸ਼੍ਰੀਮਤੀ ਕਮਲਾ, ਸੇਵਾ ਰਾਮ, ਨਰਿੰਦਰ ਕੌਰ, ਸ਼ਸ਼ੀ ਸ਼ਰਮਾ, ਰਣਜੀਤ ਕੌਰ, ਸ਼੍ਰੀਮਤੀ ਧਾਲੀਵਾਲ, ਲਾਜੋ ਸ਼ਰਮਾ, ਰਾਜਿੰਦਰ ਕੌਰ, ਕੁਸਮ ਲਤਾ, ਕਰਨਲ ਅਸ਼ਵਨੀ ਸ਼ਰਮਾ, ਅਮਰਜੀਤ ਸਿੰਘ ਅਤੇ ਹੋਰ ਸੈਰ ਕਰਨ ਵਾਲਿਆਂ ਉਪਰ ਪੰਜਿਆਂ ਨਾਲ ਹਮਲਾ ਕਰ ਚੁੱਕਾ ਹੈ। ਸ਼੍ਰੀਮਤੀ ਕਮਲਾ ਦਾ ਕਹਿਣਾ ਹੈ ਕਿ ਉਹ ਪੰਜਾ ਵੱਜਣ ਤੋਂ ਬਾਅਦ ਕਾਫੀ ਦੇਰ ਸੈਰ ਨਹੀਂ ਕਰ ਸਕੀ।
ਇਸ ਸੰਬੰਧੀ ਜਦੋਂ ਚੰਡੀਗੜ੍ਹ ਦੇ ਵਣ ਜੰਗਲੀ ਜੀਵ ਵਿਭਾਗ ਦੇ ਰੇਂਜ ਅਫਸਰ ਦੇਵੇਂਦਰ ਚੌਹਾਨ ਕੋਲ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਪੜਤਾਲ ਕਰਨ ਇਕ ਟੀਮ ਭੇਜਣਗੇ। ਇਸ ਵਿਭਾਗ ਦੀ ਟੀਮ ਜਿਸ ਵਿੱਚ ਗਫਾਰ, ਮਹਿੰਦੀ ਅਤੇ ਕਮਲ ਜਦੋਂ ਵੀਰਵਾਰ ਸ਼ਾਮ ਨੂੰ ਪਾਰਕ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਸਾਰੇ ਥਾਂ ਦਿਖਾਈ ਪਰ ਊੱਲੁ ਉਥੋਂ ਗਾਇਬ ਸੀ। ਉਨ੍ਹਾਂ ਸੈਰ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਕਿ ਇਸ ਪੰਛੀ ਵਲ ਲਗਾਤਾਰ ਦੇਖਣ ਕਾਰਨ ਇਹ ਡਰ ਜਾਂਦਾ ਹੈ। ਇਸ ਕਾਰਨ ਉਹ ਆਦਮੀ ਉਪਰ ਵਾਰ ਕਰਦਾ ਹੈ। ਇਸ ਲਈ ਇਸ ਤੋਂ ਬਚਣ ਲਈ ਲਗਾਤਾਰ ਨਾ ਦੇਖਿਆ ਜਾਵੇ। ਵੈਸੇ ਟੀਮ ਨੇ ਭਰੋਸਾ ਦਿਵਾਇਆ ਕਿ ਉਹ ਇਸ ਨੂੰ ਫੜਨ ਦੀ ਕੋਸ਼ਿਸ਼ ਕਰਨਗੇ।