ਬੇਸ਼ਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦ ਭਾਗੀਆਂ ਘਟਨਾਵਾਂ ਨੇ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀ ਅਤੇਂ ਮਾਨਵਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਨਾਲ ਸਭ ਦੇ ਹਿਰਦੇ ਵਲੂੰਧਰੇ ਪਏ ਹਨ ਪਰ ਪੰਜਾਬ ਦੀਆਂ ਦੋ ਸਰਕਾਰਾਂ ਦੋਸ਼ੀਆਂ ਨੂੰ ਸਜਾਵਾਂ ਨਹੀਂ ਦੇ ਸਕੀਆਂ।
ਇਹ ਹੀ ਵੱਡਾ ਕਾਰਨ ਹੈ ਕਿ ਪੰਜਾਬ ਦੀਆਂ ਦੋ ਮੁੱਖ ਧਿਰਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਦੀ ਸਰਕਾਰ ਇਸ ਨਾਜ਼ੁਕ ਮੁੱਦੇ ‘ਤੇ ਘਿਰੇ ਹੋਏ ਹਨ। ਅਕਾਲੀ ਦਲ ਸਮੇਂ ਇਹ ਕਾਰਾ ਵਾਪਰਿਆਂ ਤਾਂ ਪੰਜਾਬ ਵਿਚ ਬਹੁਤ ਵੱਡਾ ਰੋਸ ਉਠਿਆ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਚਲ ਰਹੀ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਨਾ ਕੀਤਾ। ਵੋਟਾਂ ਖਾਤਰ ਡੇਰਾ ਸਿਰਸਾ ਮੁਖੀ ਨਾਲ ਸਾਂਝ ਦੇ ਬਹੁਤ ਵੱਡੇ ਸਵਾਲ ਉੱਠੇ।ਆਖਿਰ ਵਿਚ ਪੰਜਾਬ ਵਿਧਾਨ ਸਭਾ ਚੋਣਾ ਆਈਆਂ ਤਾਂ ਪੰਜਾਬੀਆਂ ਨੇ ਬਾਦਲਾਂ ਨੂੰ ਤੀਜੀ ਥਾਂ ਤੇ ਪਹੁੰਚਾ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਚੋਣਾ ਵੇਲੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕਾਂਗੇ। ਇਸ ਮਾਮਲੇ ਲਈ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਪਰ ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਇਸ ਮੁੱਦੇ ਤੇ ਪੰਜਾਬੀਆਂ ਨੂੰ ਇਨਸਾਫ ਨਹੀਂ ਮਿਲਿਆ। ਕਾਂਗਰਸ ਅੰਦਰ ਬਹੁਤ ਵੱਡੇ ਸਵਾਲ ਉਠ ਰਹੇ ਹਨ ਕਿ ਕੈਪਟਨ ਅਮਰਿੰਦਰ ਦੀ ਬਾਦਲਾਂ ਨਾਲ ਸਾਂਝ ਹੈ ਅਤੇ ਇਸ ਕਰਕੇ ਕੋਈ ਠੋਸ ਕਾਰਵਾਈ ਨਹੀਂ ਹੋਈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਰਿਪੋਰਟ ਰੱਦ ਕਾਰਨ ਦੇ ਫੈਸਲੇ ਵਿਚ ਕੀਤੀਆਂ ਟਿੱਪਣੀਆਂ ਨੇ ਤਾਂ ਕਾਂਗਰਸ ਅੰਦਰ ਇਕ ਭੁਚਾਲ ਜਿਹਾ ਲੈ ਆਂਦਾ। ਨਵਜੋਤ ਸਿੱਧੂ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਨੇਤਾ ਇਸ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿੱਧੇ ਬਾਦਲਾਂ ਉੱਤੇ ਕਾਰਵਾਈ ਦੀ ਗੱਲ ਕਰ ਰਹੇ ਹਨ।
ਕਾਂਗਰਸ ਦੇ ਇਸ ਕਲੇਸ਼ ਦਾ ਤਾਂ ਪਤਾ ਨਹੀ ਕੀ ਬਣੇਗਾ ਪਰ ਪੰਜਾਬੀਆਂ ਅੰਦਰ ਬੇਅਦਬੀ ਦੇ ਮੁੱਦੇ ਨੂੰ ਲੈਕੇ ਨਿਸਚਿਤ ਤੌਰ ‘ਤੇ ਕੈਪਟਨ ਦੀ ਸਾਖ ਨੂੰ ਠੇਸ ਲੱਗੀ ਹੈ। ਸਵਾਲ ਤਾਂ ਧਾਰਮਿਕ ਜਥੇਬੰਦੀਆਂ ਉੱਤੇ ਵੀ ਉੱਠਣੇ ਸੁਭਾਵਿਕ ਹਨ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੁੱਦੇ ਨੂੰ ਲੈ ਕੇ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਨਿਆਂ ਲੈਣ ਲਈ ਮੋਰਚਾ ਲਾਇਆ ਸੀ, ਉਨ੍ਹਾਂ ਉਪਰ ਵੀ ਸਵਾਲ ਉੱਠ ਰਹੇ ਹਨ। ਇਨ੍ਹਾਂ ਜਥੇਬੰਦੀਆਂ ਨੇ ਕੈਪਟਨ ਦੇ ਮੰਤਰੀਆਂ ਦੇ ਭਰੋਸੇ ਤੇ ਧਰਨਾ ਸਮਾਪਤ ਕਰ ਦਿਤਾ ਸੀ ਪਰ ਕੈਪਟਨ ਸਰਕਾਰ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।
ਹੁਣ ਕੈਪਟਨ ਸਰਕਾਰ ਉੱਤੇ ਪਾਰਟੀ ਦੇ ਅੰਦਰੋਂ ਅਤੇ ਬਾਹਰੋ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਦਬਾ ਤਾਂ ਬਣਿਆ ਹੈ ਪਰ ਇਹ ਦੇਖਣਾ ਹੋਏਗਾ ਕਿ ਜਿਹੜੀਆਂ ਸਰਕਾਰਾਂ 6 ਸਾਲ ਵਿਚ ਨਿਆਂ ਨਹੀਂ ਦੇ ਸਕੀਆਂ, ਉਹ 6 ਮਹੀਨਿਆਂ ਵਿਚ ਨਿਆਂ ਦੇ ਦੇਣਗੀਆਂ? ਪੰਜਾਬੀ ਜਵਾਬ ਤਾਂ ਮੰਗਣਗੇ।
-ਜਗਤਾਰ ਸਿੰਘ ਸਿੱਧੂ
(ਸੀਨੀਅਰ ਪੱਤਰਕਾਰ)