ਨਵੀਂ ਦਿੱਲੀ: ਅਜੇ ਕੋਵਿਨ ਪੋਰਟਲ ਸਿਰਫ ਅੰਗਰੇਜ਼ੀ ’ਚ ਹੀ ਉਪਲੱਬਧ ਹੈ। ਜਿਸ ਕਾਰਨ ਜਿੰਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਨਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਸ਼ਾਈ ਰੋਕਾਂ ਦੇ ਚਲਦੇ ਖ਼ਾਸਤੌਰ ’ਤੇ ਪਿੰਡ ਵਾਲਿਆਂ ਨੂੰ ਐਪ ’ਤੇ ਵੈਕਸੀਨ ਬੁੱਕ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ ਪਰ ਹੁਣ ਵੈਕਸੀਨ ਬੁਕਿੰਗ ਆਸਾਨ ਹੋ ਜਾਵੇਗੀ।
ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਕੋਵਿਨ ਪੋਰਟਲ, ਜਿਸ ਦੇ ਜ਼ਰੀਏ ਕੋਵਿਡ ਟੀਕਾਕਰਨ ਲਈ ਸਲਾਟ ਬੁੱਕ ਕੀਤੇ ਜਾਣੇ ਹਨ, ਨੂੰ ਅਗਲੇ ਹਫ਼ਤੇ ਤਕ ਹਿੰਦੀ ਅਤੇ 14 ਖੇਤਰੀ ਭਾਸ਼ਾਵਾਂ ਵਿਚ ਉਪਲਬਧ ਕਰ ਦਿੱਤਾ ਜਾਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਕਿ ਜੀਨੋਮ ਨਿਗਰਾਨੀ ਕਰਨ ਅਤੇ ਕੋਵਿਡ -19 ਦੇ ਰੂਪਾਂ ਦੀ ਨਿਗਰਾਨੀ ਕਰਨ ਲਈ INSACOG ਨੈਟਵਰਕ ਵਿਚ 17 ਹੋਰ ਪ੍ਰਯੋਗਸ਼ਾਲਾਵਾਂ ਜੋੜੀਆਂ ਜਾਣਗੀਆਂ।
ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਦੀ ਪ੍ਰਧਾਨਗੀ ਹੇਠ ਕੋਵਿਡ -19 ਤੇ ਸੋਮਵਾਰ ਨੂੰ ਹੋਈ ਉੱਚ ਪੱਧਰੀ ਕੈਬਨਿਟ ਸਮੂਹ (ਜੀਓਐਮ) ਦੀ 26 ਵੀਂ ਬੈਠਕ ਦੌਰਾਨ ਇਨ੍ਹਾਂ ਫੈਸਲਿਆਂ ਦਾ ਐਲਾਨ ਕੀਤਾ ਗਿਆ।