ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ । ਉਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਤੇ ਆਕਸੀਜਨ, ਟੈਂਕਰਾਂ, ਟੀਕਿਆਂ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਵਧਾਉਣ ਲਈ ਦਬਾਅ ਪਾਉਣ ਤਾਂ ਜੋ ਰਾਜ ਸਰਕਾਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕੇ।
Reviewed #Covid19 ground situation & various initiatives that we are aggressively working on to contain the surge in Punjab with my colleagues from @INCPunjab. Urged our MPs to follow up with Centre on supply of vaccine, oxygen & tankers shortage to fight the deadly 2nd wave. pic.twitter.com/bGDKAKp7Hn
— Capt.Amarinder Singh (@capt_amarinder) May 6, 2021
ਸੰਸਦ ਮੈਂਬਰਾਂ ਨੂੰ ਭਾਰਤ ਸਰਕਾਰ ‘ਤੇ ਆਕਸੀਜਨ ਦੇ ਪੰਜਾਬ ਦੇ ਕੋਟੇ ਨੂੰ ਵਧਾਉਣ ਲਈ ਦਬਾਅ ਪਾਉਣ ਅਤੇ ਪਹਿਲ ਦੇ ਅਧਾਰ ਤੇ ਵਾਧੂ ਟੈਂਕਰ ਭੇਜਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਭਾਜਪਾ ਸ਼ਾਸਤ ਹਰਿਆਣਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਨੂੰ ਪੰਜਾਬ ਨਾਲੋਂ ਵੱਡਾ ਆਕਸੀਜਨ ਕੋਟਾ ਅਤੇ ਵਧੇਰੇ ਟੈਂਕਰ ਮਿਲੇ ਹਨ।
ਇਸ ਮੁੱਦੇ ‘ਤੇ ਚਿੰਤਾ ਜ਼ਾਹਰ ਕਰਦਿਆਂ, ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਆਪਣੇ ਐਮਪੀਲੈਡ ਫੰਡਾਂ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਲਈ ਕਰਨ ਦਾ ਵਾਅਦਾ ਕੀਤਾ, ਜਿਸ ਨਾਲ ਪੰਜਾਬ ਵਿਚ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਕੀਤਾ ਜਾ ਸਕੇਗਾ, ਕਿਉਂਕਿ ਇੱਥੇ ਵੱਡੀ ਗਿਣਤੀ ਵਿਚ ਗੁਆਂਢੀ ਰਾਜਾਂ ਤੋਂ ਵੀ ਮਰੀਜ਼ ਇਲਾਜ ਲਈ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ, ਟੈਂਕਰ ਟੀਕੇ ਅਤੇ ਦਵਾਈਆਂ ਦੀ ਘਾਟ ਤੋਂ ਇਲਾਵਾ, ਵੈਂਟੀਲੇਟਰਾਂ ਦੇ ਫਰੰਟ ‘ਤੇ ਵੀ ਰਾਜ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਭਾਰਤ ਸਰਕਾਰ ਤੋਂ ਪ੍ਰਾਪਤ ਵੈਂਟੀਲੇਟਰਾਂ ਨੂੰ ਸਥਾਪਤ ਕਰਨ ਲਈ ਕੋਈ ਬੀਈਐਲ ਇੰਜੀਨੀਅਰ ਨਹੀਂ ਹੈ।