ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਾਲੇ ਰਾਜਧਾਨੀ ਦਿੱਲੀ ਤੋਂ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ਵਿਖੇ ਪਹਿਲਵਾਨਾਂ ਦੇ ਦੋ ਧੜੇ ਆਪਸ ਵਿਚ ਉਲਝ ਗਏ , ਇਸ ਦਰਮਿਆਨ ਹੋਈ ਕੁੱਟਮਾਰ ਕਾਰਨ ਇੱਕ 24 ਸਾਲਾ ਪਹਿਲਵਾਨ ਦੀ ਜਾਨ ਚਲੀ ਗਈ। ਮਾਮੂਲੀ ਤਕਰਾਰ ਇਕ ਉਭਰਦੇ ਪਹਿਲਵਾਨ ਦੀ ਜਾਨ ਤੇ ਭਾਰੀ ਪੈ ਗਈ ।
ਝੜਪ ਦੀ ਇਹ ਘਟਨਾ ਮੰਗਲਵਾਰ ਦੀ ਹੈ, ਕੁਝ ਪਹਿਲਵਾਨਾਂ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਛਤਰਸਾਲ ਸਟੇਡੀਅਮ ਵਿਚ ਝੜਪ ਹੋ ਗਈ। ਇਸ ਝਗੜੇ ਦੌਰਾਨ ਪੰਜ ਪਹਿਲਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਇਲਾਜ ਦੌਰਾਨ ਇੱਕ ਪਹਿਲਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਦਾਖਲ ਚਾਰ ਪਹਿਲਵਾਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਜਿਸ ਪਹਿਲਵਾਨ ਦੀ ਮੌਤ ਹੋਈ ਹੈ, ਉਸਦਾ ਨਾਮ ਸਾਗਰ ਸੀ। ਉਹ ਸੋਨੀਪਤ ਦਾ ਰਹਿਣ ਵਾਲਾ ਸੀ । ਉਧਰ ਅੰਤਰਰਾਸ਼ਟਰੀ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਵੀ ਇਸ ਘਟਨਾ ਨਾਲ ਜੋੜਿਆ ਜਾ ਰਿਹਾ ਹੈ ।
ਬੁੱਧਵਾਰ ਨੂੰ ਇਸ ਮਾਮਲੇ ਵਿਚ ਸੁਸ਼ੀਲ ਕੁਮਾਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ, “ਉਹ ਸਾਡੇ ਪਹਿਲਵਾਨ ਨਹੀਂ ਸਨ, ਇਹ ਦੇਰ ਰਾਤ ਵਾਪਰਿਆ। ਅਸੀਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਕੁਝ ਅਣਪਛਾਤੇ ਲੋਕ ਸਾਡੇ ਵਿਹੜੇ ਵਿੱਚ ਛਾਲ ਮਾਰ ਕੇ ਲੜਦੇ ਹਨ ।ਇਸ ਘਟਨਾ ਨਾਲ ਸਾਡੇ ਸਟੇਡੀਅਮ ਦਾ ਕੋਈ ਲੈਣਾ ਦੇਣਾ ਨਹੀਂ।”
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਸਭ ਕੁੱਝ ਸਪੱਸ਼ਟ ਹੋ ਸਕੇਗਾ।