ਬਾਦਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਬੀਤੇ ਦਿਨੀਂ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਹੋਈ। ਜਿਸ ਤੋਂ ਬਾਅਦ ਥਾਣਾ ਲੰਬੀ ‘ਚ ਅਕਾਲੀ ਦਲ ਦੇ ਸਟੂਡੈਂਟ ਵਿੰਗ ਐੈੱਸਓਆਈ ਦੇ ਪ੍ਰਧਾਨ ਰੋਬਿਨ ਬਰਾੜ ਸਣੇ ਲਗਭਗ 150 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਰੋਬਿਨ ਬਰਾੜ ਨੂੰ ਮੰਗਲਵਾਰ ਨੂੰ ਐਸਓਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਬੁੱਧਵਾਰ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨਾਲ ਪਿੰਡ ਬਾਦਲ ਸੁਖਬੀਰ ਦੇ ਘਰ ਪੁੱਜੇ ਸਨ।
ਇਸ ਮਾਮਲੇ ਸੰਬੰਧੀ ਥਾਣਾ ਲੰਬੀ ਦੇ ਐੱਸਐੱਚਓ ਚੰਦਰ ਸੇਨ ਨੇ ਦੱਸਿਆ ਕਿ ਰੋਬੀ ਬਰਾੜ ਸਣੇ 100 -150 ਅਣਪਛਾਤੇ ਲੋਕਾਂ ਖਿਲਾਫ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਦੋਸ਼ਾਂ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਵੀਡੀਓ ਅਤੇ ਫੋਟੋਆਂ ਰਾਹੀਂ ਜਿਨ੍ਹਾਂ ਲੋਕਾਂ ਦੀ ਪਛਾਣ ਹੁੰਦੀ ਹੈ, ਉਨ੍ਹਾਂ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਜਾਵੇਗਾ।
ਇਸ ਸਮਾਗਮ ਸਬੰਧੀ ਜਦੋਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਉਸ ਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ ਉਨ੍ਹਾਂ ਕਿਹਾ ਕਿ ਇਸ ਸਮੇਂ ਐਸਓਆਈ ਨੂੰ ਹੋਰ ਮਜ਼ਬੂਤ ਹੋਣ ਦੀ ਜ਼ਰੂਰਤ ਹੈ।