ਨਿਊਜ਼ ਡੈਸਕ :- ਮਾਪੇ ਆਪਣੇ ਬੱਚਿਆਂ ਨੂੰ ਸ਼ਰਾਰਤਾਂ ਜਾਂ ਗਲਤੀਆਂ ਕਰਨ ‘ਤੇ ਅਕਸਰ ਥੱਪੜ ਮਾਰਦੇ ਜਾਂ ਕੁੱਟਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਸੁਚੇਤ ਰਹੋ। ਖੋਜ ‘ਚ ਸਾਹਮਣੇ ਆਇਆ ਹੈ ਕਿ ਜਿਹੜੇ ਮਾਂ-ਪਿਉ ਆਪਣੇ ਬੱਚਿਆਂ ਦੀ ਮਾਰ-ਕੁਟਾਈ ਕਰਦੇ ਹਨ, ਉਨ੍ਹਾਂ ਬੱਚਿਆਂ ਦੇ ਮਾਨਸਿਕ ਵਿਕਾਸ ‘ਚ ਰੁਕਾਵਟ ਪੈਦਾ ਹੁੰਦੀ ਹੈ।
ਚਾਈਲਡ ਡਿਵਲਪਮੈਂਟ ਜਰਨਲ ‘ਚ ਛਪੀ ਇਕ ਰਿਪੋਰਟ ਅਨੁਸਾਰ, ਜੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਕੁੱਟਿਆ ਜਾਂਦਾ ਹੈ ਤਾਂ ਇਹ ਬੱਚਿਆਂ ਦੇ ਮਨਾਂ ‘ਚ ਡਰ ਪੈਦਾ ਕਰਦਾ ਹੈ। ਇਸ ਡਰ ਕਾਰਨ ਕੁਝ ਗਤੀਵਿਧੀਆਂ ਬੱਚਿਆਂ ਦੇ ਦਿਮਾਗ ਦੇ ਇਕ ਖ਼ਾਸ ਹਿੱਸੇ ‘ਚ ਹੁੰਦੀਆਂ ਹਨ, ਜਿਸ ਕਰਕੇ ਬੱਚੇ ਦਾ ਦਿਮਾਗ ਦਾ ਵਿਕਾਸ ‘ਚ ਰੁਕਾਵਟ ਪੈਦਾ ਹੋ ਜਾਂਦੀ ਹੈ। ਖੋਜ ‘ਚ ਦਸਿਆ ਹੈ ਕਿ ਕੁੱਟ ਖਾਣ ਵਾਲੇ ਬੱਚਿਆਂ ਦੇ ਦਿਮਾਗ ਦੇ ਪ੍ਰੀਫ੍ਰੰਟਲ ਕਾਰਟੈਕਸ ਹਿੱਸੇ ‘ਚ ਦਿਮਾਗੀ ਪ੍ਰਤਿਕ੍ਰਿਆ ਵਧੇਰੇ ਸੀ। ਇਸ ਕਰਕੇ ਬੱਚਿਆਂ ਦੇ ਫੈਸਲੇ ਲੈਣ ਦੀ ਯੋਗਤਾ ਤੇ ਸਥਿਤੀ ਦਾ ਮੁਕਾਬਲਾ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।
ਦੱਸ ਦਈਏ ਜਿਹੜੇ ਬੱਚਿਆਂ ਦੀ ਲੰਬੇ ਸਮੇਂ ਤੋਂ ਮਾਰ-ਕੁਟਾਈ ਹੁੰਦੀ ਹੈ, ਉਹਨਾਂ ‘ਚ ਬੇਚੈਨੀ, ਉਦਾਸੀ, ਵਿਹਾਰ ‘ਚ ਤਬਦੀਲੀਆਂ ਤੇ ਮਾਨਸਿਕ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਉਹ ਬੱਚੇ ਜੋ ਗੰਭੀਰ ਰੂਪ ‘ਚ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਉਹ ਅਕਸਰ ਹਿੰਸਕ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਇਸ ‘ਤੇ ਖੋਜ ਕਰ ਰਹੀ ਟੀਮ ਨੇ 147 ਬੱਚਿਆਂ ਦੇ ਡਾਟਾ ਦਾ ਅਧਿਐਨ ਕੀਤਾ, ਜਿਨ੍ਹਾਂ ਦੀ ਉਮਰ 3-10 ਸਾਲ ਹੈ। ਇਨ੍ਹਾਂ ਬੱਚਿਆਂ ਦੀ ਐਮਆਰਆਈ ਕੀਤੀ ਗਈ ਤੇ ਫਿਰ ਮਾਰ-ਕੁਟਾਈ ਨਾ ਖਾਣ ਵਾਲੇ ਬੱਚਿਆਂ ਦੀ ਵੀ ਐਮਆਰਆਈ ਦੀ ਤੁਲਨਾ ਕੀਤੀ ਗਈ। ਜਿਸ ‘ਚ ਉਪਰੋਕਤ ਖੁਲਾਸਾ ਕੀਤਾ ਗਿਆ ਹੈ। ਅਜਿਹੀ ਸਥਿਤੀ ‘ਚ, ਜੇ ਤੁਸੀਂ ਬੱਚਿਆਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹੋ, ਤਾਂ ਸਾਵਧਾਨ ਰਹੋ, ਕਿਉਂਕਿ ਇਸ ਨਾਲ ਤੁਸੀਂ ਆਪਣੇ ਖੁਦ ਦੇ ਬੱਚਿਆਂ ਲਈ ਸਮੱਸਿਆਵਾਂ ਪੈਦਾ ਕਰ ਰਹੇ ਹੋ।