ਓਨਟਾਰੀਓ : ਕੈਨੇਡਾ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਓਨਟਾਰੀਓ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਜਾ ਰੱਖੇ ਹਨ। ਮਿਲੀ ਜਾਣਕਾਰੀ ਮੁਤਾਬਕ ਕੋਵਿਡ-19 ਦੇ ਕੇਸਾਂ ‘ਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਓਨਟਾਰੀਓ ਸਰਕਾਰ ਪ੍ਰੋਵਿੰਸ ਪੱਧਰ ਦੀ ਐਮਰਜੈਂਸੀ ਬ੍ਰੇਕ ਲਾਗੂ ਕਰਨ ਜਾ ਰਹੀ ਹੈ। ਇਹ ਫੈਸਲਾ ਸ਼ਨੀਵਾਰ ਰਾਤ 12:00 ਵਜੇ ਲਾਗੂ ਹੋ ਜਾਵੇਗਾ, ਆਉਣ ਵਾਲੇ ਚਾਰ ਹਫ਼ਤੇ ਤੱਕ ਇਹ ਪਾਬੰਦੀਆਂ ਜਾਰੀ ਰਹਿਣਗੀਆਂ। ਇਸ ਨੂੰ ਦੇਖਦੇ ਹੋਏ ਪ੍ਰੋਵਿੰਸ ਦੇ ਸਾਰੇ ਰੈਸਟੋਰੈਂਟਸ ਡਾਈਨਿੰਗ ਲਈ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੌਟਸਪੌਟ ਤੋਂ ਬਾਹਰ ਵਾਲੇ ਰੀਜਨਜ਼ ਵਿੱਚ ਵੀ ਜਿੰਮ ਆਦਿ ਬੰਦ ਕਰ ਦਿੱਤੇ ਗਏ ਹਨ। ਪਿਛਲੇ ਹਫ਼ਤੇ ਟੋਰਾਂਟੋ ਵਿੱਚ ਜਿਨ੍ਹਾਂ ਨੂੰ ਆਊਟਡੋਰ ਫਿਟਨੈੱਸ ਕਲਾਸਾਂ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ ਉਹ ਵੀ ਬੰਦ ਹੋ ਜਾਣਗੀਆਂ।
ਇਸ ਤੋਂ ਇਲਾਵਾ ਸਖ਼ਤੀ ਨੂੰ ਧਿਆਨ ‘ਚ ਰੱਖਦੇ ਹੋਏ ਡੇਅ ਕੈਂਪਸ ਵੀ ਰੱਦ ਕਰ ਦਿੱਤੇ ਜਾਣਗੇ। 50 ਫੀਸਦੀ ਸਮਰੱਥਾ ਨਾਲ ਸਟੋਰ ਖੁੱਲ੍ਹੇ ਰਹਿਣਗੇ ਅਤੇ ਗੈਰਜ਼ਰੂਰੀ ਰਿਟੇਲ 25 ਫ਼ੀਸਦ ਸਮਰੱਥਾ ਨਾਲ ਖੁੱਲ੍ਹੇ ਜਾ ਸਕਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇੰਤਜ਼ਾਰ ਹੈ, ਚੰਦ ਹਫ਼ਤਿਆਂ ਤੱਕ ਵੈਕਸੀਨ ਸਾਨੂੰ ਮਿਲ ਜਾਵੇਗੀ’ ਉਦੋਂ ਤਕ ਲੋਕਾਂ ‘ਚ ਸਮਾਜਿਕ ਦੂਰੀ ਬਣਾਏ ਰੱਖਣ ਦੇ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ।