ਓਨਟਾਰੀਓ: ਕੈਨੇਡਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਖ਼ਿਲਾਫ਼ ਨਸ਼ੇ ‘ਚ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਉਂਟੀ ਰੋਡ 40 ਨੇੜੇ ਹਾਈਵੇਅ 401 ‘ਤੇ ਇਤਲਾਹ ਮਿਲੀ ਕਿ ਟਰਾਂਸਪੋਰਟ ਟਰੱਕ ਡਰਾਈਵਰ ਨਸ਼ੇ ‘ਚ ਗੱਡੀ ਚਲਾ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰਾਂ ਵੱਲੋਂ ਟਰੱਕ ਨੂੰ ਰੋਕਿਆ ਗਿਆ ਪਰ ਟਰੱਕ ਡਰਾਈਵਰ ਨਾ ਰੁਕਿਆ।
ਜਿਸ ਤੋਂ ਬਾਅਦ ਪੁਲਿਸ ਨੇ ਟਰੱਕ ਰੋਕਣ ਲਈ ਰੋਲਿੰਗ ਸਟੌਪ ਤਕਨੀਕ ਦੀ ਵਰਤੋਂ ਕੀਤੀ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਟਰੱਕ ਦੀ ਤਲਾਸ਼ੀ ਦੌਰਾਨ ਸ਼ਰਾਬ ਅਤੇ ਭੰਗ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਡਰਾਈਵਰ ਦੀ ਪਛਾਣ 65 ਸਾਲਾ ਸਰਬਜੀਤ ਸਿੰਘ ਵਜੋਂ ਕੀਤੀ ਗਈ ਹੈ। ਜਿਸ ਖ਼ਿਲਾਫ਼ ਸ਼ਰਾਬ ਪੀ ਕੇ ਗੱਡੀ ਚਲਾਉਣ, ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ, ਸ਼ਰਾਬ ਦੀ ਬੋਤਲ ਕੋਲ ਰੱਖ ਕੇ ਡਰਾਈਵਿੰਗ ਕਰਨ ਸਣੇ ਹੋਰ ਕਈ ਦੋਸ਼ ਆਇਦ ਕੀਤੇ ਗਏ ਹਨ।
ਸਰਬਜੀਤ ਨੂੰ ਬਾਅਦ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਜਿਸ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ੀ 15 ਅਪ੍ਰੈਲ ਨੂੰ ਹੋਵੇਗੀ। ਇਸ ਦੇ ਨਾਲ ਹੀ ਸਰਬਜੀਤ ਦਾ ਡਰਾਈਵਿੰਗ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।