ਬਿਲਾਸਪੁਰ : ਇਕ ਨਿਹੰਗ ਸਿੰਘ ਵੱਲੋਂ ਦੋ ਵਿਅਕਤੀਆਂ ‘ਤੇ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸ੍ਰੀ ਨੈਣਾ ਦੇਵੀ ਦੇ ਨਾਲ ਲੱਗਦੇ ਪਿੰਡ ਮੰਡਿਆਲਾ ਦੀ ਹੈ। ਨਿਹੰਗ ਮੰਡਿਆਲਾ ਪਿੰਡ ‘ਚ ਨੈਣਾਂ ਦੇਵੀ ਕੋਲਾ ਵਾਲਾ ਟੋਭਾ ਰੋਡ ‘ਤੇ ਜਾ ਰਿਹਾ ਸੀ। ਰਸਤੇ ਵਿੱਚ ਸੜਕ ‘ਤੇ ਆ ਰਹੇ ਮੰਡਿਆਲਾ ਪਿੰਡ ਦੇ ਹੀ ਵਸਨੀਕ ਬਲਬੀਰ ਸਿੰਘ ਨੂੰ ਨਿਹੰਗ ਸਿੰਘ ਨੇ ਰੋਕਿਆ ਅਤੇ ਆਪਣੇ ਮੋਟਰਸਾਈਕਲ ‘ਤੇ ਬਿਠਾਉਣ ਲਈ ਕਿਹਾ, ਪਰ ਬਲਬੀਰ ਸਿੰਘ ਨੇ ਨਿਹੰਗ ਸਿੰਘ ਨੂੰ ਬਿਠਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਨਿਹੰਗ ਨੇ ਉਸ ‘ਤੇ ਹਮਲਾ ਕਰ ਦਿੱਤਾ।
ਪੀਡ਼ਤ ਬਲਬੀਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਿਹੰਗ ਨੇ ਪਹਿਲਾਂ ਆਪਣੀ ਤਲਵਾਰ ਹਵਾ ‘ਚ ਲਹਿਰਾਈ ਅਤੇ ਫਿਰ ਅਚਾਨਕ ਉਸ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਬਲਬੀਰ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਉਸ ਦੇ ਸੱਜੇ ਹੱਥ ਦੀਆਂ ਚਾਰੇ ਉਂਗਲਾਂ ਕੱਟੀਆਂ ਗਈਆਂ। ਇਸ ਤੋਂ ਇਲਾਵਾ ਦੂਜੇ ਪਾਸੇ ਖੜ੍ਹਾ ਵਿਅਕਤੀ ਨਿਹੰਗ ਸਿੰਘ ਨੂੰ ਜਿਵੇਂ ਹੀ ਰੋਕਣ ਦੀ ਕੋਸ਼ਿਸ਼ ਲਈ ਅੱਗੇ ਵਧਦਾ ਹੈ ਤਾਂ ਨਿਹੰਗ ਸਿੰਘ ਨੇ ਉਸਦੇ ਸਿਰ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਨਿਹੰਗ ਫ਼ਰਾਰ ਹੋ ਗਿਆ। ਪਿੰਡ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਨਿਹੰਗ ਨੂੰ ਦਬੋਚ ਲਿਆ।