ਚੰਡੀਗੜ੍ਹ : ਅੱਜ ਤੋਂ ਪੰਜਾਬ ਵਿੱਚ ਸਰਕਾਰੀ ਬੱਸਾਂ ‘ਤੇ ਮਹਿਲਾਵਾਂ ਲਈ ਸਫ਼ਰ ਫ੍ਰੀ ਹੋ ਗਿਆ ਹੈ। ਹੁਣ ਮਹਿਲਾਵਾਂ ਨੂੰ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਅਤੇ ਲੋਕਲ ਸਿਟੀ ਬੱਸਾਂ ਵਿੱਚ ਲਾਭ ਮਿਲੇਗਾ। ਹਲਾਂਕਿ ਇਹ ਯੋਜਨਾ AC, ਵੋਲਵੋ, HVAC ਬੱਸਾਂ ਲਈ ਲਾਗੂ ਨਹੀਂ ਹੋਵੇਗੀ। ਔਰਤਾਂ ਨੂੰ ਕਿਰਾਇਆ ਦੇਣ ਸਮੇਂ ਸਿਰਫ਼ ਆਪਣੀ ਆਈ.ਡੀ ਵੱਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਰਿਹਾਇਸ਼ੀ ਦਸਤਾਵੇਜ਼ ਦਿਖਾਉਣੇ ਪੈਣਗੇ। ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿੱਚ 1.31 ਕਰੋੜ ਔਰਤਾਂ/ਲੜਕੀਆਂ ਨੂੰ ਫਾਇਦਾ ਹੋਵੇਗਾ। ਜਨਗਣਨਾ 2011 ਅਨੁਸਾਰ ਪੰਜਾਬ ‘ਚ ਕੁੱਲ ਵਸੋਂ 2.77 ਕਰੋੜ ਹੈ ਜਿਸ ‘ਚ 1,46,39,465 ਪੁਰਸ਼ ਅਤੇ 1,31,03,873 ਮਹਿਲਾਵਾਂ ਹਨ।
ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਰਹਿੰਦੇ ਹਨ ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਔਰਤਾਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਔਰਤਾਂ ਵੀ ਇਸ ਮੁਫਤ ਬੱਸ ਸਫਰ ਸਹੂਲਤ ਦਾ ਫਾਇਦਾ ਉਠਾ ਸਕਦੀਆਂ ਹਨ। ਉਹ ਚਾਹੇ ਕਿਹੜੇ ਵੀ ਉਮਰ ਵਰਗ, ਆਮਦਨ ਮਾਪਦੰਡ ਦੇ ਦਾਇਰੇ ‘ਚ ਆਉਂਦੀਆਂ ਹੋਣ, ਸਭ ਸਰਕਾਰੀ ਬੱਸਾਂ ‘ਚ ਮੁਫਤ ਸਫਰ ਕਰ ਸਕਦੀਆਂ ਹਨ।
ਪੰਜਾਬ ਸਰਕਾਰ ਮੁਤਾਬਕ ਸਕੀਮ ਨਾਲ ਨਾ ਸਿਰਫ ਰੋਜ਼ਾਨਾ ਦੀ ਟਰਾਂਸਪੋਰਟ ਮਹਿੰਗੀ ਹੋਣ ਕਾਰਨ ਕੁੜੀਆਂ ਦੀ ਸਕੂਲ ਛੱਡਣ ਦੀ ਅਨੁਪਾਤ ਨੂੰ ਘਟਾਉਣ ਲਈ ਮੱਦਦ ਮਿਲੇਗੀ ਸਗੋਂ ਕੰਮਕਾਜੀ ਔਰਤਾਂ ਨੂੰ ਵੀ ਸਹੂਲਤ ਮਿਲੇਗੀ ਜੋ ਰੋਜ਼ਾਨਾ ਆਪਣੇ ਕੰਮ ‘ਤੇ ਜਾਣ ਲਈ ਕਾਫੀ ਦੂਰੀ ਦਾ ਸਫਰ ਕਰਦੀਆਂ ਹਨ। ਇਹ ਸਹੂਲਤ ਕਿਸੇ ਵੀ ਆਰਥਿਕ ਗਤੀਵਿਧੀ ‘ਚ ਸ਼ਾਮਲ ਹੋਣ ਜਾ ਰਹੀ ਔਰਤ ਨੂੰ ਸੁਰੱਖਿਅਤ, ਸਸਤਾ ਤੇ ਭਰੋਸੇਮੰਦ ਸਫਰ ਯਕੀਨੀ ਬਣਾਏਗੀ।