ਨਿਊਜ਼ ਡੈਸਕ: ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਏ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਇਸ ਵਿਚਾਲੇ ਕੋਰੋਨਾ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਹਿੱਸਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸਰਦੀ, ਜ਼ੁਕਾਮ ਅਤੇ ਬੁਖਾਰ ਨੂੰ ਕੋਰੋਨਾ ਦਾ ਆਮ ਲੱਛਣ ਮੰਨਿਆ ਜਾਂਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਨੂੰ ਖੰਘ, ਜ਼ੁਕਾਮ ਯਾਨੀ ਮੌਸਮ ਬਦਲਣ ‘ਤੇ ਹੋਣ ਵਾਲਾ ਕੌਮਨ ਕੋਲਡ ਹੈ ਤਾਂ ਇਹ ਤੁਹਾਡੇ ਲਈ ਕੋਰੋਨਾ ਦੇ ਸਮੇਂ ਵਿੱਚ ਫ਼ਾਇਦੇਮੰਦ ਹੋ ਸਕਦਾ ਹੈ।
ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਗਲਾਸਗੋ ਦੇ ਖੋਜਕਾਰਾਂ ਨੇ ਆਪਣੀ ਇੱਕ ਜਾਂਚ ਦੌਰਾਨ ਪਾਇਆ ਹੈ ਕਿ ਜੇਕਰ ਤੁਹਾਨੂੰ ਰਾਇਨੋਵਾਇਰਸ ਦਾ ਸੰਕਰਮਣ ਹਾਲ ਫਿਲਹਾਲ ਵਿਚ ਹੋਇਆ ਹੈ ਤਾਂ ਇਹ ਤੁਹਾਨੂੰ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਦੇ ਖ਼ਿਲਾਫ਼ ਸੁਰੱਖਿਆ ਦੇ ਸਕਦਾ ਹੈ। ਆਮ ਭਾਸ਼ਾ ‘ਚ ਸਮਝੀਏ ਤਾਂ ਜੇਕਰ ਤੁਹਾਨੂੰ ਕੌਮਨ ਕੋਲਡ ਦੀ ਸ਼ਿਕਾਇਤ ਹੈ ਤਾਂ ਕੋਰੋਨਾ ਦੇ ਇਸ ਸਮੇਂ ਵਿੱਚ ਇਹ ਚੰਗਾ ਸੰਕੇਤ ਹੋ ਸਕਦਾ ਹੈ। ਰਾਇਨੋਵਾਇਰਸ ਕੋਰੋਨਾ ਦੇ ਉਸ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਇਕ ਪਾਇਆ ਗਿਆ ਹੈ ਜੋ ਵਾਇਰਸ ਨੂੰ ਸਰੀਰ ਵਿੱਚ ਵਧਣ ਦਾ ਮੌਕਾ ਦਿੰਦੇ ਹਨ।
ਮਾਹਰਾਂ ਦੀ ਮੰਨੀਏ ਤਾਂ ਜਾਂਚ ਤੋਂ ਇਹ ਤਾਂ ਸਾਫ਼ ਹੁੰਦਾ ਹੈ ਕਿ ਰਾਇਨੋਵਾਇਰਸ, ਕੋਰੋਨਾ ਦੇ ਖਿਲਾਫ ਸਾਨੂੰ ਸੁਰੱਖਿਆਂ ਤਾਂ ਦੇ ਸਕਦਾ ਹੈ ਪਰ ਇਸ ਦਾ ਪ੍ਰਭਾਵ ਸੀਮਤ ਸਮੇਂ ਲਈ ਹੁੰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਫਿਲਹਾਲ ਕੋਰੋਨਾ ਤੋਂ ਸੁਰੱਖਿਅਤ ਰਹਿਣ ਦਾ ਇੱਕਮਾਤਰ ਉਪਾਅ ਸਾਵਧਾਨੀਆਂ ਵਰਤਣ ਦੇ ਨਾਲ ਟੀਕਾਕਰਣ ਹੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਂ ਵਰਤੋ।