ਫਿਰੋਜ਼ਪੁਰ : ਫਿਰੋਜ਼ਪੁਰ ‘ਚ ਅੱਜ ਸੜਕ ਹਾਦਸਾ ਵਾਪਰਿਆ ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਦਰਅਸਲ ਇਥੇ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨਾਲੇ ਵਿੱਚ ਡਿੱਗ ਗਈ। ਪੰਜਾਬ ਰੋਡਵੇਜ਼ ਦੀ ਬੱਸ ਫਰੀਦਕੋਟ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ। ਬੱਸ ਜਦੋਂ ਫਿਰੋਜ਼ਪੁਰ ਦੇ ਹਦੂਦ ਅੰਦਰ ਆਉਂਦੇ ਪਿੰਡ ਗੋਲੋਵਾਲ ਨੇੜ੍ਹੇ ਪਹੁੰਚੀ ਤਾਂ ਬੱਸ ਦੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ। ਬੇਕਾਬੂ ਬੱਸ ਸੜਕ ਕੰਢੇ ਸੇਮ ਨਾਲੇ ਵਿੱਚ ਜਾ ਡਿੱਗੀ। ਘਟਨਾ ਸਮੇਂ ਬੱਸ ਵਿੱਚ 30 ਤੋਂ 35 ਲੋਕ ਸਵਾਰ ਸਨ। ਰਾਹਤ ਦੀ ਗੱਲ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਸਵਾਰੀਆਂ ਦੇ ਗੰਭੀਰ ਸੱਟਾਂ ਜ਼ਰੂਰ ਵੱਜੀਆਂ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਾਤਲ ਪਹੁੰਚਾਇਆ ਗਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ ਮੁੱਖ ਮਾਰਗ ਦੇ ਪੁਲ ਤੇ ਵਾਪਰਿਆ ਹੈ। ਹਾਦਸੇ ਦਾ ਮੁੱਖ ਕਾਰਨ ਬੱਸ ਦਾ ਮੂਹਰਲਾ ਟਾਇਰ ਫਟ ਜਾਣਾ ਦੱਸਿਆ ਜਾ ਰਿਹਾ ਹੈ। ਬੱਸ ਦੀਆਂ ਸਵਾਰੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਹੈ ਉਨ੍ਹਾਂ ਦੱਸਿਆ ਕਿ 20 ਫੁੱਟ ਡੂੰਘੇ ਨਾਲੇ ਵਿਚ ਡਿੱਗੀ ਬੱਸ ਨੂੰ ਬਾਹਰ ਹਾਲੇ ਨਹੀਂ ਕੱਢਿਆ ਗਿਆ।