ਸਾਇੰਸ ਸਿਟੀ ਵਲੋਂ 16ਵੇਂ ਸਥਾਪਨਾ ਦਿਵਸ ‘ਤੇ ਵੈੱਬਨਾਰ
ਚੰਡੀਗੜ੍ਹ, (ਅਵਤਾਰ ਸਿੰਘ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਪਣਾ 16ਵਾਂ ਸਲਾਨਾ ਦਿਵਸ ਵਰਚੂਅਲ ਮੌਡ ਰਾਹੀਂ ਮਨਾਇਆ ਗਿਆ। ਇਸ ਵਰਚੂਆਲ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰੋਫ਼ੈਸ਼ਨਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ ਪੂਰੇ ਖਿੱਤੇ ‘ਚੋਂ ਭਰਵਾਂ ਹੂੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ 2005 ਜਦੋਂ ਤੋਂ ਸਾਇੰਸ ਸਿਟੀ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ 45 ਲੱਖ ਤੋਂ ਵੱਧ ਲੋਕ ਇੱਥੇ ਵਿਜ਼ਿਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਆਰਥਿਕ ਸਹਾਇਤਾ ਨਾਲ ਇਸ ਵਰ੍ਹੇ ਸਾਇੰਸ ਸਿਟੀ ਵਿਖੇ (ਇਕ ਗਣਿਤ ‘ਤੇ ਅਧਾਰਤ ਅਤੇ ਦੂਜੀ ਇਲੈਕਟ੍ਰੀਸਿਟੀ ਗੈਲਰੀ) ਦੋ ਗੈਲਰੀਆਂ ਇਸੇ ਸਾਲ ਹੀ ਨਵੀਆਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਗਲੇ ਵਰ੍ਹੇ ਸਾਇੰਸ ਸਿਟੀ ਦੇ ਸਪੇਸ ਥੀਏਟਰ ਨੂੰ ਅੱਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵਲੋਂ ਅਗਲੇ ਵਰ੍ਹੇ ਦੇ ਬਜਟ ਵਿਚ 11 ਕਰੋੜ ਰੁਪਏ ਦੀ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ -19 ਦੀ ਮਹਾਂਮਾਰੀ ਦੇ ਲਾਕਡਾਊਨ ਦੌਰਾਨ ਜਦੋਂ ਪੰਜਾਬ ਦੇ ਸਾਰੇ ਸਕੂਲ ਬੰਦ ਸਨ ਤਾਂ ਸਾਇੰਸ ਸਿਟੀ ਲਗਾਤਾਰ ਵਿਦਿਆਰਥੀਆਂ ਨਾਲ ਜੁੜਿਆ ਰਿਹਾ ਹੈ। ਇਸ ਸਮੇਂ ਦੌਰਾਨ ਸਾਇੰਸ ਸਿਟੀ ਵਲੋਂ 125 ਦੇ ਕਰੀਬ ਆਨ ਲਾਇਨ ਪ੍ਰੋਗਰਾਮਾਂ ਦਾ ਸਫ਼ਲ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਇੰਡੀਅਨ ਇੰਸਟੀਚਿਊਟ ਆਫ਼ ਦਿੱਲੀ ਦੇ ਇਲੈਕਟੀ੍ਰਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਸ਼ੌਰੀ ਚੈਟਰਜੀ ਨੇ “ਵਾਈਰਲੈਸ ਤੇ ਰੇਡੀਓ ਫ਼ਰੀਕਿਊਂਸੀ ਸਰਕਟ:ਮੈਕਸਵਲ ਤੋਂ ਮਾਡਰਨ ਮੋਬਾਇਲ ਫ਼ੋਨ” ਤੱਕ ਦੀ ਖੋਜ ਬਾਰੇ ਵਿਸ਼ੇਸ ਜਾਣਕਾਰੀ ਦਿੱਤੀ।
ਉਨ੍ਹਾਂ ਆਪਣੇ ਲੈਕਚਰ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧੁਨਿਕ ਮੋਬਾਇਲ ਫ਼ੋਨ ਸੰਸਾਰ ਦਾ ਇਕ ਅਜਿਹਾ ਸਭ ਤੋਂ ਵੱਧ ਭਰੋਸੇਮੰਦ ਚਮਤਕਾਰੀ ਯੰਤਰ ਹੈ, ਜਿਸ ਦੇ ਨਾਲ ਪੂਰੀ ਦੁਨੀਆਂ ਦੇ ਸਾਰੇ ਕੰਮ ਚਲਦੇ ਹਨ। ਇਸ ਦੇ ਸਦਕਾ ਹੀ ਅਸੀਂ ਇਕ ਥਾਂ ਤੋਂ ਦੂਸਰੀ ਥਾਂ ਅਤੇ ਇਕ ਤੋਂ ਦੂਸਰੇ ਮਨੁੱਖ ਤੱਕ ਬਿਨ੍ਹਾਂ ਭੌਤਿਕ ਕੂਨੈਕਸ਼ਨ ਦੇ ਆਪਣੇ ਭਾਵਾਂ ਦਾ ਸੰਚਾਰ ਕਰਦੇ ਹਾਂ । ਇਸ ਮੌਕੇ ਪ੍ਰੋਫ਼ੈਸਰ ਚੈਟਰਜੀ ਵਲੋਂ ਮੈਕਸ ਵੈਲ ਦੀ ਖੋਜ ਤੋਂ ਲੈ ਕੇ ਅੱਜ ਦੇ ਮਾਡਰਨ ਮੋਬਾਇਲ ਤੱਕ ਦੀ ਖੋਜ ਦੇ ਸਫ਼ਰ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਆਧੁਨਿਕ ਖੋਜਾਂ ਨੇ ਮੋਬਾਇਲ ਦੀ ਯੋਜਨਾਂ ਅਤੇ ਐੱਪਲੀਫ਼ਾਇਰ ਦੀ ਸ਼ਕਤੀ ਵਧਾਉਣ ਸਮੇਤ ਪੂਰੇ ਉਦਯੋਗ ਜਗਤ ਵਿਚ ਨਿਵੇਕਲੀਆਂ ਤਬਦੀਲੀਆਂ ਲਿਆਂਦੀਆਂ ਹਨ।