ਚੰਡੀਗੜ੍ਹ , (ਅਵਤਾਰ ਸਿੰਘ): ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ 35 ਮੈਂਬਰੀ ਵਫਦ ਨੇ ਅੱਜ ਪੀ.ਏ.ਯੂ. ਵਿੱਚ ਆਪਣੀ ਛੇਵੀਂ ਕਾਰੋਬਾਰੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਾਬਾਰਡ ਨਾਲ ਸੰਬੰਧਿਤ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਕਿੱਲ ਡਿਵੈਲਪਮੈਂਟ, ਭੋਜਨ ਪ੍ਰੋਸੈਸਿੰਗ, ਕੀਮਤ ਲੜੀ ਅਤੇ ਕੀਮਤ ਵਾਧਾ, ਕਾਰੋਬਾਰੀ ਸਿਖਲਾਈ ਕੇਂਦਰ ਅਤੇ ਫਾਰਮ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਦੀ ਸਥਾਪਨਾ ਉੱਪਰ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਖੇਤਰਾਂ ਵਿੱਚ ਪੀ.ਏ.ਯੂ. ਅਤੇ ਨਾਬਾਰਡ ਮਿਲ ਕੇ ਕੰਮ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਮਸ਼ੀਨੀਕਰਨ ਅਤੇ ਮੰਡੀਕਰਨ ਵੀ ਦੋਵਾਂ ਸੰਸਥਾਵਾਂ ਦੀ ਸਾਂਝ ਦੇ ਖੇਤਰ ਹੋ ਸਕਦੇ ਹਨ। ਡਾ. ਢਿੱਲੋਂ ਨੇ ਪੀ.ਏ.ਯੂ. ਵੱਲੋਂ ਅਗੇਤੀਆਂ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਪਰਾਲੀ ਦੀ ਸੰਭਾਲ ਆਸਾਨ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਮਿੱਟੀ ਵਿੱਚ ਜੈਵਿਕ ਮਾਦਾ ਵਧਿਆ ਹੈ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਆਈ ਹੈ।
ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਡਾ. ਰਾਜੀਵ ਸਿਵਾਚ ਨੇ ਪੀ.ਏ.ਯੂ. ਵੱਲੋਂ ਕਿਸਮਾਂ ਦੇ ਵਿਕਾਸ ਅਤੇ ਉਹਨਾਂ ਨਾਲ ਮਿਲਦੀਆਂ ਉਤਪਾਦਨ ਤਕਨੀਕਾਂ ਦੀ ਖੋਜ ਲਈ ਯੂਨੀਵਰਸਿਟੀ ਦੀ ਪ੍ਰਸ਼ੰਸ਼ਾਂ ਕੀਤੀ। ਉਹਨਾਂ ਕਿਹਾ ਕਿ ਵਾਤਾਵਰਨ ਸੰਬੰਧੀ ਚੁਣੌਤੀਆਂ ਦਾ ਟਾਕਰਾ ਕਰਨ ਲਈ ਵੀ ਯੂਨੀਵਰਸਿਟੀ ਲਗਾਤਾਰ ਯਤਨਸ਼ੀਲ ਹੈ। ਡਾ. ਸਿਵਾਚ ਨੇ ਨਾਬਾਰਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇੱਕ ਆਰਥਿਕ ਸੰਸਥਾਨ ਹੈ ਜੋ ਖੇਤੀ ਖੇਤਰ ਦਾ ਸਹਾਇਕ ਹੈ। ਉਹਨਾਂ ਨੇ ਖੇਤੀ ਕਾਰੋਬਾਰੀ ਸਿਖਲਾਈ ਕੇਂਦਰ ਸਥਾਪਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾਬਾਰਡ ਵੱਲੋਂ ਖੇਤੀ ਨਾਲ ਸਹਾਇਕ ਗਤੀਵਿਧੀਆਂ ਦੇ ਵਿਕਾਸ ਲਈ ਕਈ ਕਾਰਜ ਕੀਤੇ ਜਾ ਰਹੇ ਹਨ।
ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐੱਸ ਥਿੰਦ ਨੇ ਖੇਤੀ ਵਿਕਾਸ ਦੇ ਪ੍ਰਸੰਗ ਵਿੱਚ ਪੀ.ਏ.ਯੂ. ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਹਾਈਟੈੱਕ ਖੇਤੀ, ਆਈ ਓ ਟੀ ਅਤੇ ਸੂਖਮ ਸਿੰਚਾਈ ਸੰਬੰਧੀ ਕਾਰਜਾਂ ਉੱਪਰ ਚਾਨਣਾ ਪਾਇਆ।
ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ ਸੰਬੰਧੀ ਵਧੀਕ ਨਿਰਦੇਸ਼ਕ ਖੋਜ ਡਾ. ਜੀ ਐੱਸ ਮਨੇਸ ਨੇ ਪਰਾਲੀ ਦੀ ਸੰਭਾਲ ਲਈ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀਆਂ ਦੀ ਚਰਚਾ ਕੀਤੀ। ਜਦਕਿ ਫਸਲ ਵਿਗਿਆਨੀ ਡਾ. ਐੱਸ ਐੱਸ ਵਾਲੀਆ ਨੇ ਸੰਯੁਕਤ ਖੇਤੀ ਪ੍ਰਬੰਧ ਮਾਡਲ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐੱਸ ਸੋਢੀ ਨੇ ਨਾਬਾਰਡ ਦੇ ਮੈਂਬਰਾਂ ਅਤੇ ਪੀ.ਏ.ਯੂ. ਦੇ ਅਧਿਕਾਰਿਆਂ ਸਮੇਤ ਮੀਟਿੰਗ ਵਿੱਚ ਸ਼ਾਮਿਲ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ । ਉਹਨਾਂ ਨੇ ਨਾਬਾਰਡ ਦੀ ਸਹਾਇਤਾ ਨਾਲ ਪੀ.ਏ.ਯੂ. ਵਿੱਚ ਚਲਾਏ ਜਾਂਦੇ ਪ੍ਰੋਜੈਕਟਾਂ ਦੀ ਪ੍ਰਸ਼ੰਸ਼ਾ ਵੀ ਕੀਤੀ। ਪ੍ਰੋਗਰਾਮ ਦੇ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਨ ਜਦਕਿ ਡਾ. ਕੁਲਦੀਪ ਸਿੰਘ ਅਤੇ ਡਾ. ਕੇ.ਕੇ ਗਿੱਲ ਪ੍ਰੋਗਰਾਮ ਦੇ ਕੁਆਰਡੀਨੇਟਰ ਸਨ।
ਨਾਬਾਰਡ ਦੇ ਵਫਦ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਭੋਜਨ ਉਦਯੋਗ ਸੈਂਟਰ ਅਤੇ ਬਾਇਓਤਕਨਾਲੋਜੀ ਸੈਂਟਰ ਦਾ ਦੌਰਾ ਕੀਤਾ । ਇਸ ਦੇ ਨਾਲ ਹੀ ਉਹਨਾਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ, ਪੋਸ਼ਕ ਸਬਜ਼ੀਆਂ ਦੀ ਬਗੀਚੀ ਅਤੇ ਡਰੋਨ ਤਕਨਾਲੋਜੀ ਤੋਂ ਵੀ ਜਾਣੂੰ ਕਰਵਾਇਆ ਗਿਆ । ਡਾ. ਲਵਲੀਸ਼ ਗਰਗ ਖੇਤ ਦੌਰੇ ਦੇ ਕੁਆਰਡੀਨੇਟਰ ਸਨ।