ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਖਿਲਾਫ਼ ਟੀਕਾਕਰਨ ਦਾ ਅੱਜ ਤੋਂ ਦੂਸਰਾ ਗੇੜ ਸ਼ੁਰੂ ਹੋ ਗਿਆ ਹੈ। ਜਿਸ ਦੇ ਤਹਿਤ ਦੂਜੇ ਗੇੜ ‘ਚ 45 ਤੋਂ 60 ਸਾਲਾਂ ਦੇ ਲੋਕਾਂ ਨੂੰ ਕੋਰੋਨਾ ਦੀ ਡੋਜ਼ ਦਿੱਤੀ ਜਾਵੇਗੀ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿਲੀ ਏਮਜ਼ ਵਿਖੇ ਕੋਰੋਨਾਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਲਈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕਮਾਲ ਦੀ ਗੱਲ ਹੈ ਕਿ ਕਿਵੇਂ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਵਿਡ -19 ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਲਈ ਤੁਰੰਤ ਸਮੇਂ ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵੈਕਸੀਨ ਲੈਣ ਦੇ ਯੋਗ ਹਨ ਆਓ ਮਿਲ ਕੇ ਭਾਰਤ ਨੂੰ ਕੋਵਿਡ -19 ਮੁਕਤ ਕਰੀਏ।
45 ਸਾਲ ਤੋਂ ਲੈ ਕੇ 60 ਸਾਲ ਦੇ ਉਹ ਵਿਅਕਤੀ ਜਿਹੜੇ ਕਿਸੇ ਕਰੋਨਿਕ ਬਿਮਾਰੀ ਤੋਂ ਪੀੜਤ ਹਨ ਸਭ ਤੋਂ ਪਹਿਲਾਂ ਉਹਨਾਂ ਨੂੰ ਟੀਕਾ ਲਾਇਆ ਜਾਵੇਗਾ। ਭਾਰਤ ਸਰਕਾਰ ਨੇ ਕੋਰੋਨਾ ਦੀ ਵੈਕਸੀਨ ਲਈ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਲਈ ਭਾਰਤ ਸਰਕਾਰ ਨੇ ਰੇਟ ਵੀ ਤੈਅ ਕਰ ਦਿੱਤੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਟੀਕਾ 250 ਰੁਪਏ ਦਾ ਮਿਲੇਗਾ। ਇਸ ਵਿੱਚ 150 ਰੁਪਏ ਟੀਕੇ ਦੀ ਕੀਮਤ ਅਤੇ 100 ਰੁਪਏ ਸਰਵੀਸ ਚਾਰਜ ਵਸੂਲੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੀ ਵੈਕਸੀਨ ਮੁਫ਼ਤ ‘ਚ ਮਿਲੇਗੀ।