ਨਵੀਂ ਦਿੱਲੀ : ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦਰਮਿਆਨ ਘਰੇਲੂ ਗੈਸ ਦੇ ਮਸਲੇ ‘ਤੇ ਵੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਹਨ। ਇਸੇ ਲੜੀ ਤਹਿਤ ਲਗਾਤਾਰ ਭਾਜਪਾ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਕਾਰ ਨੂੰ ਖਿੱਚ ਕੇ ਅਤੇ ਖਾਲੀ ਗੈਸ ਸਿਲੰਡਰ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ 2009 ਦੇ ਵਿੱਚ ਭਾਜਪਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸੇ ਮਹਿੰਗਾਈ ਨੂੰ ਉਹ ਡਾਇਨ ਦੱਸਦੇ ਸਨ ਪਰ ਅੱਜ ਜਦੋਂ ਉਹ ਖ਼ੁਦ ਸੱਤਾ ਵਿੱਚ ਹਨ ਤਾਂ ਇਹ ਡਾਇਨ ਉਨ੍ਹਾਂ ਦੀ ਡਾਰਲਿੰਗ ਬਣ ਚੁੱਕੀ ਹੈ । ਬਿੱਟੂ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਇਕ ਗੱਡੀ ਨੂੰ ਚਲਾਉਣ ਦੇ ਲਈ ਪੰਦਰਾਂ ਰੁਪਏ ਲੱਗਦੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਨੂੰ ਸਿਲੰਡਰ ਤਾਂ ਵੰਡ ਰਹੀ ਹੈ ਪਰ ਉਨ੍ਹਾਂ ਦੇ ਵਿੱਚ ਸਿਲੰਡਰ ਦੁਆਰਾ ਭਰਾਉਣ ਦੀ ਹੀ ਗੁੰਜਾਇਸ਼ ਨਹੀਂ ਹੈ । ਦਸ ਦੇਈਏ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਦੇਸ਼ ਅੰਦਰ ਪੈਟਰੋਲ ਦੀ ਵੱਧਦੀ ਕੀਮਤ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਕਈ ਸੂਬੇ ਅਜਿਹੇ ਹਨ ਜਿੱਥੇ ਪੈਟਰੋਲ ਦੀਆਂ ਕੀਮਤਾਂ ਸੌ ਤੋਂ ਵੀ ਵਧੇਰੇ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਹੋਣੇ ਸੁਭਾਵਿਕ ਹਨ