ਚੰਡੀਗੜ੍ਹ : ਪੰਜਾਬ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਘਿਰੀ ਹੀ ਰਹਿੰਦੀ ਹੈ ਜੇਕਰ ਗੱਲ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਜਾਂ ਨਸ਼ੇ ਦੀ ਕਰੀਏ ਤਾਂ ਇਸ ਮਸਲੇ ਤੇ ਵਿਰੋਧੀ ਪਾਰਟੀਆਂ ਆਏ ਦਿਨ ਕਾਂਗਰਸ ਸਰਕਾਰ ਤੇ ਤੰਜ ਕੱਸਦੀਆਂ ਰਹਿੰਦੀਆਂ ਹਨ । ਇਸੇ ਲੜੀ ਤਹਿਤ ਅੱਜ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਚੁੱਘ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਅੰਦਰ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਹੀ ਹੈ । ਚੁੱਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਬੋਹਰ ਫਾਜ਼ਿਲਕਾ ਰੋਡ ਤੇ ਪਿੰਡ ਹੀਰਾਵਾਲੀ ‘ਚ ਸ਼ਰਾਬ ਦੀ ਫੈਕਟਰੀ ਲਾਉਣ ਦੇ ਨਾਮ ਤੇ ਕਿਸਾਨਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਦੁਖਦ ਹੈ । ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਲਈ ਸ਼ਰਾਬ ਹੀ ਕਿਉਂ ਜ਼ਰੂਰੀ ਹੋ ਗਈ ਹੈ ਕਿ ਉਹ ਕਿਸਾਨਾਂ ਦੀ ਜ਼ਮੀਨ ਹੜੱਪਣ ਜਾ ਰਹੀ ਹੈ ।
ਇਸ ਮੌਕੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਦਾ ਇਸ ਫੈਕਟਰੀ ਦੇ ਵਿੱਚ ਹੱਥ ਹੈ।ਦੱਸ ਦੇਈਏ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਚ ਆਉਣ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਵੀ ਨੌਜਵਾਨਾਂ ਦੀਆਂ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਤੰਜ ਕੱਸਦੀਆਂ ਹਨ ਹਾਲਾਂਕਿ ਕੈਪਟਨ ਸਰਕਾਰ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਹੈ ।