ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਥੇ ਦੇ ਇੱਕ ਹੋਟਲ ਵਿੱਚ ਦਾਦਰਾ ਨਗਰ ਹਵੇਲੀ ਦੇ ਸੰਸਦ ਮੈਂਬਰ ਮੋਹਨ ਭਾਈ ਸੰਜੇਭਾਈ ਡੇਲਕਰ ਦੀ ਲਾਸ਼ ਮਿਲੀ। ਇਹ ਘਟਨਾ ਬਾਰੇ ਪਤਾ ਲਗਦਿਆਂ ਹੀ ਪੁਲਿਸ ਅਧਿਕਾਰੀ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਹੋਟਲ ਦੇ ਸੀਸੀਟੀਵੀ ਰਿਕਾਰਡਿੰਗਾਂ ਦੀ ਵੀ ਭਾਲ ਕਰ ਰਹੀ ਹੈ। ਹਾਲਾਂਕਿ, ਖੁਦਕੁਸ਼ੀ ਹੋਣ ਦਾ ਵੀ ਖਦਸ਼ਾ ਹੈ।
ਮੋਹਨ ਐਸ. ਡੇਲਕਰ ਦਾਦਰਾ ਨਗਰ ਹਵੇਲੀ ਤੋਂ ਆਜ਼ਾਦ ਸੰਸਦ ਮੈਂਬਰ ਸਨ। ਸਿਲਵਾਸਾ ਵਿਚ 1962 ਵਿਚ ਜਨਮੇ ਡੇਲਕਰ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਛਡ ਗਏ ਹਨ। ਡੇਲਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਿਲਵਾਸਾ ਵਿਚ ਟ੍ਰੇਡ ਯੂਨੀਅਨ ਦੇ ਨੇਤਾ ਵਜੋਂ ਕੀਤੀ. ਮੋਹਨ ਡੇਲਕਰ ਪਹਿਲੀ ਵਾਰ 1989 ਵਿਚ ਦਾਦਰਾ ਅਤੇ ਨਗਰ ਹਵੇਲੀ ਤੋਂ ਕਾਂਗਰਸ ਤੋਂ ਨੌਵੀਂ ਲੋਕ ਸਭਾ ਲਈ ਚੁਣੇ ਗਏ ਸਨ। ਉਸਨੇ ਆਪਣੇ ਹਲਕੇ ਤੋਂ ਲਗਾਤਾਰ ਛੇ ਚੋਣਾਂ ਜਿੱਤੀਆਂ।