ਬਰੈਂਪਟਨ: ਬਰੈਂਪਟਨ ਵਿੱਚ ਪੁਲਿਸ ਵਲੋਂ ਇੱਕ ਪੰਜਾਬੀ ਨੌਜਵਾਨ ਨੂੰ ਆਪਣੀ ਹੀ ਮਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਨੌਜਵਾਨ ਦੀ ਪਛਾਣ 29 ਸਾਲਾ ਪ੍ਰਤੀਕ ਮਾਨ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਪ੍ਰਤੀਕ ਮਾਨ ਨੇ ਬਰੈਂਪਟਨ ਵਿਖੇ ਆਪਣੇ ਘਰ ਵਿੱਚ ਆਪਣੀ ਮਾਂ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਐਮਰਜੰਸੀ ਦਸਤਿਆਂ ਨੂੰ ਸੱਦਿਆ ਗਿਆ। ਜਦੋਂ ਅਫ਼ਸਰ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ। ਪੀਲ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸ ਔਰਤ ਨੂੰ ਉਸੇ ਵੇਲੇ ਹਸਪਤਾਲ ਦੀ ਐਮਰਜੰਸੀ ਵਾਰਡ ਵਿਚ ਲਿਜਾਇਆ ਗਿਆ ਅਤੇ ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪ੍ਰਤੀਕ ਮਾਨ ਜ਼ਖ਼ਮੀ ਔਰਤ ਦਾ ਪੁੱਤਰ ਹੈ ਅਤੇ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਘਟਨਾ ਦੇ ਕੁੱਝ ਸਮੇਂ ਬਾਅਦ ਹੀ ਪੁਲਿਸ ਵਲੋਂ ਨੌਜਵਾਨ ਦੀ ਫੋਟੋ ਜਾਰੀ ਕਰ ਦਿੱਤੀ ਗਈ ਸੀ ਤੇ ਜਲਦ ਹੀ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪੁਲਿਸ ਵਲੋਂ ਪ੍ਰਤੀਕ ‘ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ ਤੇ ਉਸ ਨੂੰ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।