ਸ੍ਰੀਨਗਰ – ਜੰਮੂ ਕਸ਼ਮੀਰ ਦੇ ਬਾਗਤ ਬਰਜ਼ੁਲਾ ਵਿੱਚ ਪੁਲਿਸ ਜਵਾਨਾਂ ‘ਤੇ ਹਮਲਾ ਕੀਤੇ ਜਾਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਗਿਆ ਕਿ ਇੱਕ ਅੱਤਵਾਦੀ ਰਾਈਫਲ ਨੂੰ ਕਪੜੇ ਵਿੱਚੋਂ ਲੁਕਾ ਕੇ ਆ ਰਿਹਾ ਸੀ। ਜਦੋਂ ਉਹ ਡਿਊਟੀ ਦੇ ਰਹੇ ਪੁਲਿਸ ਜਵਾਨਾਂ ਨੇੜੇ ਪਹੁੰਚਿਆ ਤਾਂ ਉਸ ਨੇ ਰਾਈਫਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਦੀ ਵੀਡੀਓ ਨੇੜੇ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਫਾਇਰਿੰਗ ਤੋਂ ਬਾਅਦ ਅੱਤਵਾਦੀ ਗਲੀਆਂ ਵਿੱਚ ਫਰਾਰ ਹੋ ਗਿਆ। ਉਸ ਦੀ ਤਲਾਸ਼ ਲਈ ਫੌਜ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਜੰਮੂ ਕਸ਼ਮੀਰ ‘ਚ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਾ ਤਿੰਨ ਬਾਰ ਸਾਹਮਣਾ ਹੋਇਆ ਹੈ। ਸ਼ੋਪੀਆਂ ‘ਚ ਵੀਰਵਾਰ ਰਾਤ ਸੁਰੱਖਿਆ ਬਲਾਂ ਨੇ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਸੀ। ਜਿਸ ਦੌਰਾਨ ਦੋਵਾਂ ਵਿਚਾਲੇ ਮੁਕਾਬਲਾ ਸਵੇਰ ਤਕ ਚੱਲਿਆ। ਇਸ ਮੁੱਠਭੇੜ ਦੌਰਾਨ ਤਿੰਨ ਅੱਤਾਵਦੀ ਢੇਰ ਕਰ ਦਿੱਤੇ ਗਏ। ਬੜਗਾਮ ‘ਚ ਐਨਕਾਉਂਟਰ ਦੌਰਾਨ ਇੱਕ SPO ਸ਼ਹੀਦ ਹੋ ਗਿਆ। ਦੂਜੇ ਪਾਸੇ ਬਾਗਤ ਬਰਜ਼ੁਲਾ ਵਿੱਚ ਵੀ ਪੁਲਿਸ ਦੇ ਜਵਾਨਾਂ ‘ਤੇ ਹਮਲਾ ਕੀਤਾ ਗਿਆ। ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।