ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਕਿਸਾਨ ਕਮੇਟੀ ਅਤੇ ਪੀ.ਏ.ਯੂ. ਫਲ ਅਤੇ ਸਬਜ਼ੀ ਉਤਪਾਦਕ ਕਮੇਟੀ ਦੀ ਮੀਟਿੰਗ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ।
ਡਾ. ਢਿੱਲੋਂ ਨੇ ਕਿਸਾਨਾਂ ਅਤੇ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀਆਂ ਖੇਤੀ ਚੁਣੌਤੀਆਂ ਦੇ ਹੱਲ ਲਈ ਬਿਹਤਰ ਤਾਲਮੇਲ ਬਨਾਉਣ ਦੀ ਲੋੜ ਉੱਪਰ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਖੇਤੀ ਵਿਗਿਆਨੀਆਂ ਨੂੰ ਕਿਸਾਨਾਂ ਦੇ ਤਜ਼ਰਬਿਆਂ ਕੋਲੋਂ ਸਿੱਖ ਕੇ ਆਪਣੀ ਖੋਜ ਨੂੰ ਵਿਉਂਤਣ ਦੀ ਲੋੜ ਹੈ । ਉਹਨਾਂ ਖੇਤੀ ਮਾਹਿਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਉਹਨਾਂ ਦੀ ਵਿਹਾਰਕ ਪਹੁੰਚ ਨੂੰ ਨੇੜਿਉਂ ਦੇਖਣ ਨੂੰ ਪਹਿਲ ਦੇਣ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕਿਸਾਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਦੀ ਖੋਜ ਦਾ ਉਦੇਸ਼ ਬਿਹਤਰ ਉਤਪਾਦਨ ਤਕਨੀਕਾਂ ਅਤੇ ਅਨੁਸਾਰੀ ਕਿਸਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਹੈ ਇਸਲਈ ਕਿਸਾਨਾਂ ਦੀ ਰਾਇ ਅਤੇ ਉਹਨਾਂ ਦੀ ਜ਼ਰੂਰਤ ਨੂੰ ਪਹਿਲ ਦੇਣੀ ਬਣਦੀ ਹੈ । ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਰਾਵਾਂ ਤੋਂ ਯੂਨੀਵਰਸਿਟੀ ਮਾਹਿਰਾਂ ਨੂੰ ਜਾਣੂੰ ਕਰਵਾਉਣ।
ਇਸ ਮੀਟਿੰਗ ਦੌਰਾਨ ਪੂਰੇ ਪੰਜਾਬ ਤੋਂ ਕਿਸਾਨਾਂ ਨੇ ਖੇਤੀ ਨਾਲ ਸੰਬੰਧਤ ਮੁੱਦਿਆਂ ਬਾਰੇ ਆਪਣੇ ਸਵਾਲ ਸਿੱਧੇ ਮਾਹਿਰਾਂ ਤੋਂ ਪੁੱਛੇ । ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਪਿਛਲੀ ਮੀਟਿੰਗ ਦੀ ਕਾਰਵਾਰੀ ਰਿਪੋਰਟ ਪੇਸ਼ ਕੀਤੀ । ਇਸ ਰਿਪੋਰਟ ਵਿੱਚ ਕਿਸਾਨਾਂ ਨੇ ਝੋਨੇ ਦੀਆਂ ਕਿਸਮਾਂ, ਸਿੱਧੀ ਬਿਜਾਈ, ਖੇਤੀ ਜੰਗਲਾਤ, ਫਲਾਂ ਦੀ ਕਾਸ਼ਤ, ਸਬਜ਼ੀਆਂ ਦੀ ਸਾਂਭ-ਸੰਭਾਲ, ਖੇਤੀ ਰਸਾਇਣਾਂ ਦੀ ਵਰਤੋਂ, ਨਦੀਨਾਂ ਦੀ ਰੋਕਥਾਮ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ, ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਦੀਆਂ ਸਮੱਸਿਆਵਾਂ, ਖੇਤੀ ਉਪਜ ਦੀ ਪ੍ਰੋਸੈਸਿੰਗ, ਪਰਾਲੀ ਦੀ ਸਾਂਭ-ਸੰਭਾਲ ਅਤੇ ਮਸ਼ੀਨਰੀ ਨਾਲ ਸੰਬੰਧਤ ਸਵਾਲ ਪੁੱਛੇ । ਇਹਨਾਂ ਸਵਾਲਾਂ ਦੇ ਜਵਾਬ ਫਸਲ ਵਿਗਿਆਨ ਵਿਭਾਗ, ਖੇਤੀ ਮਸ਼ੀਨਰੀ ਵਿਭਾਗ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਮਾਈਕ੍ਰੋਬਾਇਆਲੋਜੀ ਵਿਭਾਗ, ਭੂਮੀ ਵਿਗਿਆਨ ਵਿਭਾਗ ਅਤੇ ਚਾਰਾ ਸੈਕਸ਼ਨ ਦੇ ਮਾਹਿਰਾਂ ਨੇ ਮੌਕੇ ਤੇ ਹੀ ਦਿੱਤੇ । ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਲੰਮੀ ਵਿਚਾਰ ਚਰਚਾ ਹੋਈ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੀਟਿੰਗ ਦੌਰਾਨ ਸ਼ਾਮਿਲ ਹੋਏ ਕਿਸਾਨਾਂ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਵਿਚਕਾਰ ਸੰਵਾਦ ਲਈ ਇਹ ਮੀਟਿੰਗ ਬੇਹੱਦ ਲਾਹੇਵੰਦ ਹੈ ਅਤੇ ਦੋਵੇਂ ਧਿਰਾਂ ਇਸ ਮੀਟਿੰਗ ਤੋਂ ਲਾਭ ਲੈਣਗੀਆਂ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮੁੱਚੇ ਸਮਾਗਮ ਦੀ ਕਾਰਵਾਈ ਚਲਾਈ ਅਤੇ ਨਵੇਂ ਆਏ ਸਵਾਲਾਂ ਨੂੰ ਮਾਹਿਰਾਂ ਅੱਗੇ ਰੱਖਿਆ।