ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਗਾਜ਼ੀਪੁਰ ਅਤੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਭੀੜ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਕਿਸਾਨ ਪਿਛਲੇ 83 ਦਿਨਾਂ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਇੱਕ ਮਹੀਨਾ ਪਹਿਲਾਂ ਧਰਨੇ ਵਾਲੀ ਥਾਂ ‘ਤੇ ਜਿੱਥੇ ਹਜ਼ਾਰਾਂ ਚ ਕੈਂਪ ਲੱਗੇ ਦਿਖਾਈ ਦੇ ਰਹੇ ਸਨ ਹੁਣ ਇਨ੍ਹਾਂ ਦੀ ਸੰਖਿਆ ਅੱਧੀ ਰਹਿ ਗਈ ਹੈ। ਇਸ ਸੰਬੰਧੀ ਜਦੋਂ ਕਿਸਾਨ ਲੀਡਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅੰਦੋਲਨ ਵਾਲੀ ਥਾਂ ‘ਤੇ ਕਿਸਾਨਾਂ ਦੀ ਸੰਖਿਆ ਨੂੰ ਘੱਟ ਕਰਨਾ ਉਨ੍ਹਾਂ ਦੀ ਰਣਨੀਤੀ ਦਾ ਇਕ ਹਿੱਸਾ ਹੈ। ਜੋ ਅੰਦੋਲਨ ਨੂੰ ਹੋਰ ਵਧਾਉਣ ਦੇ ਲਈ ਬਣਾਈ ਗਈ।
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਮੁਤਾਬਕ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਅੰਦੋਲਨ ਲਈ ਪੂਰੇ ਦੇਸ਼ ਚੋਂ ਸਮਰਥਨ ਹਾਸਲ ਕਰਨ ਦੇ ਲਈ ਸੂਬੇ ਪੱਧਰ ‘ਤੇ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਕਰਨ ਦੀ ਯੋਜਨਾ ਬਣਾਈ ਗਈ ਹੈ। ਅਗਲੇ ਕੁਝ ਦਿਨਾਂ ਚ ਹਰਿਆਣਾ ਮਹਾਰਾਸ਼ਟਰ ਅਤੇ ਰਾਜਸਥਾਨ ਚ ਕਿਸਾਨਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲੇਗਾ। ਪੂਰੇ ਦੇਸ਼ ਚੋਂ ਸਮਰਥਨ ਹਾਸਲ ਕਰਨ ਤੋਂ ਬਾਅਦ ਕੇਂਦਰ ਸਰਕਾਰ ਖਿਲਾਫ ਇਕ ਵੱਡੀ ਰੈਲੀ ਕੱਢੀ ਜਾਵੇਗੀ। ਜਿਸ ਦੇ ਵਿਚ 40 ਲੱਖ ਤੋਂ ਵੱਧ ਟਰੈਕਟਰ ਇਕੱਠੇ ਕਰਨਾ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਕਿ ਹੁਣ ਫਸਲ ਦੀ ਕਟਾਈ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸ਼ਿਫਟਾਂ ਵਿਚ ਅੰਦੋਲਨ ਦੇ ਲਈ ਦਿੱਲੀ ਸਰਹੱਦਾਂ ‘ਤੇ ਭੇਜਿਆ ਜਾਵੇਗਾ। ਜਿਹੜਾ ਕਿਸਾਨ ਦਿੱਲੀ ਧਰਨੇ ਵਿਚ ਸ਼ਾਮਲ ਹੋਵੇਗਾ ਉਸ ਦੀ ਫ਼ਸਲ ਦੀ ਕਟਾਈ ਪਿੰਡ ਦੇ ਲੋਕ ਕਰਨਗੇ।