ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਚੱਲ ਰਹੇ ਅੰਦੋਲਨ ਵਿਚਾਲੇ ਪੰਜਾਬ ‘ਚ ਨਗਰ ਨਿਗਮ ਦੀਆਂ ਚੋਣਾਂ ਦਾ ਮਾਹੌਲ ਵੀ ਭੱਖ ਗਿਆ ਹੈ। ਬੀਜੇਪੀ ਲੀਡਰਾਂ ‘ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਮਣੇ ਆਏ ਹਨ। ਅਸ਼ਵਨੀ ਸ਼ਰਮਾ ਨੇ ਇਲਜ਼ਾਮ ਲਾਏ ਕਿ ਕਿਸਾਨਾਂ ਦੀ ਆੜ ‘ਚ ਕਾਂਗਰਸੀ ਸਾਡੇ ਵਰਕਰਾਂ ‘ਤੇ ਹਮਲਾ ਕਰ ਰਹੇ ਹਨ। ਹੁਣ ਤਕ ਪੰਜਾਬ ਅੰਦਰ ਜਦੋਂ ਜਦੋਂ ਵੀ ਬੀਜੇਪੀ ਲੀਡਰਾਂ ਦਾ ਘਿਰਾਓ ਹੋਇਆ ਉਸ ਸਬੰਧੀ ਅਸ਼ਵਨੀ ਸ਼ਰਮਾ ਨੇ ਸਾਰੀ ਜਾਣਕਾਰੀ ਦਿੱਤੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਲੋਕਤੰਤਰ ਦਾ ਸਭ ਤੋਂ ਪਵਿੱਤਰ ਤਿਉਹਾਰ ਹੁੰਦਾ ਹੈ। ਪਰ ਕਾਂਗਰਸ ਪਾਰਟੀ ਚੋਣਾਂ ਵਿੱਚ ਹਿੰਸਾ ਦੀ ਵਰਤੋ ਕਰ ਰਹੀ ਹੈ। ਕਾਂਗਰਸ ਨੂੰ ਲੋਕਾਂ ‘ਤੇ ਯਕੀਨ ਹੋਣਾ ਚਾਹੀਦਾ ਨਾ ਕਿ ਧੱਕੇਸ਼ਾਹੀ ਕਰਕੇ ਚੋਣਾਂ ਵਿੱਚ ਜਿੱਤ ਹਾਸਲ ਕਰਨੀ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨੀ ਦੀ ਆੜ ‘ਚ ਸਾਡੇ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਕਿਸਾਨੀ ਝੰਡਿਆਂ ‘ਚ ਲੋਹੋ ਦੀਆਂ ਰਾਡਾਂ ਪਾਈਆਂ ਗਈਆਂ। ਸਾਡੇ ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਅਜਿਹਾ ਕਿਸਾਨ ਨਹੀਂ ਕਰ ਸਕਦੇ। ਕਿਸਾਨ ਸਾਡੇ ਦੇਸ਼ ਦਾ ਅੰਨ੍ਹਦਾਤਾ ਹਨ। ਇਹ ਸਭ ਪੁਲਿਸ ਦੀ ਸ਼ਹਿ ‘ਤੇ ਕਾਂਗਰਸੀ ਕਰ ਰਹੇ ਹਨ। ਇਸ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਚੋਣਾਂ ਨੂੰ ਨਿਰਪੱਖ ਬਣਾਉਣ ਲਈ ਹਿੰਸਾ ਨੂੰ ਤਿਆਗ ਦਿੱਤਾ ਜਾਵੇ।