ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਦੇ ਯਤਨਾਂ ਨਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੀ ਜ਼ਮਾਨਤ ਬੀਤੇ ਸੋਮਵਾਰ ਮਨਜ਼ੂਰ ਹੋ ਗਈ ਹੈ ਜਿਨ੍ਹਾਂ ਦੀ ਅੱਜ ਰਿਹਾਈ ਹੋ ਜਾਵੇਗੀ।
ਇਕ ਬਿਆਨ ‘ਚ ਸਿਰਸਾ ਨੇ ਦੱਸਿਆ ਕਿ ਕਮੇਟੀ ਦੇ ਟੀਮ ਲੀਗਲ ਸੈੱਲ ਦੇ ਮੁਖੀ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਜਿਸ ‘ਚ ਐਡਵੋਕੇਟ ਭੁੱਲਰ ਵੀ ਸ਼ਾਮਲ ਹਨ, ਜਿਸ ਨੂੰ ਕਿਸਾਨ ਮੋਰਚੇ ਦੀ ਟੀਮ ਦਾ ਵੀ ਵੱਡਮੁੱਲਾ ਸਹਿਯੋਗ ਮਿਲ ਰਿਹਾ ਹੈ। ਟਰੈਕਟਰ ਮਾਰਚ ਦੌਰਾਨ 120 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਨੂੰ ਜੇਲ੍ਹਾਂ ‘ਚ ਡੱਕਿਆ ਗਿਆ ਸੀ ਜਿਨ੍ਹਾਂ ‘ਚ ਬੀਤੇ ਸੋਮਵਾਰ ਪੁਲਿਸ ਸਟੇਸ਼ਨ ਬਾਬਾ ਹਰੀ ਦਾਸ ‘ਚ ਦਰਜ ਕੀਤੇ ਕੇਸ ਤਹਿਤ ਲਵਪ੍ਰਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਮਾਨਸਾ, ਰਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ, ਜਸਵਿੰਦਰ ਸਿੰਘ ਪੁੱਤਰ ਭੂਰਾ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਇਨ੍ਹਾਂ ਨੂੰ ਮੰਗਲਵਾਰ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਜਾਵੇਗਾ।
ਸਿਰਸਾ ਨੇ ਦੱਸਿਆ ਕਿ ਮੰਗਲਵਾਰ ਕ੍ਰਮਵਾਰ 80 ਤੇ 70 ਸਾਲਾਂ ਦੇ ਗੁਰਮੇਲ ਸਿੰਘ ਤੇ ਜੀਤ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੈ ਤੇ ਪੂਰੇ ਆਸਾਰ ਹਨ ਕਿ ਦੋਵਾਂ ਨੂੰ ਜ਼ਮਾਨਤ ਮਿਲ ਜਾਵੇਗੀ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਨਾਲ ਰਾਬਤਾ ਕਾਇਮ ਕਰਨ ਤਾਂ ਜੋ ਜੇਲ੍ਹਾਂ ‘ਚ ਬੰਦ ਮੈਂਬਰਾਂ ਦੀ ਰਿਹਾਈ ਕਰਵਾਈ ਜਾ ਸਕੇ। ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹ ਸਾਰੇ ਕੇਸ ਲੜਨ ਦੇ ਨਾਲ-ਨਾਲ ਪੀੜਤ ਪਰਿਵਾਰਾਂ ਦੀ ਹਰ ਤਰੀਕੇ ਦੀ ਮਦਦ ਕਰਨ ਲਈ ਵਚਨਬੱਧ ਹੈ।