ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-14) ਪਿੰਡ ਬਜਵਾੜਾ (ਹੁਣ ਸੈਕਟਰ 36 ਬੀ)

TeamGlobalPunjab
6 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਚੌਦਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 36 ਬੀ ਹੇਠ ਦਬੇ ਹੋਏ ਪਿੰਡ ਬਜਵਾੜੇ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜੋ ਕਿਵੇਂ, Village Bajwara ਨੂੰ ਉਠਾ ਕੇ Sector 36-B Chandigarh ਬਣਾਇਆ ਗਿਆ।

ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ ਪਿੰਡਾਂ ਵਿੱਚ ਇੱਕ ਪਿੰਡ ਬਜਵਾੜਾ ਵੀ ਸੀ, ਜੋ ਉਸ ਸਮੇਂ ਖਰੜ ਤੋਂ ਅੰਬਾਲਾ ਜਾਂਦੇ ਰਾਹ ਉਪਰ ਸੀ ਅਤੇ ਰੁੜਕੀ ਦੇ ਪੜਾਓ ਤੋਂ ਪਹਿਲਾਂ ਆਉਂਦਾ ਸੀ। ਇਹ ਪਿੰਡ 1960 ਦੇ ਦੂਜੇ ਉਠਾਲੇ ਸਮੇਂ ਉਠਾ ਦਿੱਤਾ ਗਿਆ। ਬਜਵਾੜੇ ਦੀ ਚੜਦੇ ਪਾਸੇ ਵਾਲੀ ਜਮੀਨ ਪਹਿਲੇ ਉਠਾਲੇ ਸਮੇਂ ਸੈਕਟਰ 22 ਅਤੇ 23 ਵਾਸਤੇ ਐਕੁਆਇਰ ਕਰ ਲਈ ਸੀ। ਚੰਡੀਗੜ ਬਣਾਉਣ ਸਮੇਂ ਸਰਕਾਰੀ ਮਕਾਨ ਬਣਾਉਣ ਦਾ ਕੰਮ ਸਭ ਤੋਂ ਪਹਿਲਾਂ ਬਜਵਾੜੇ ਦੀ ਜਮੀਨ ਉਪਰ ਬਣਾਏ ਗਏ ਸੈਕਟਰ 22 ਵਿੱਚ ਹੋਇਆ ਸੀ। ਬਜਵਾੜਾ ਪਿੰਡ ਸੈਕਟਰ 35 ਅਤੇ 36 ਬਣਾਉਣ ਸਮੇਂ ਉਠਾਇਆ ਗਿਆ। ਇਹ ਪਿੰਡ ਕਿਸਾਨ ਭਵਨ ਚੌਕ ਦੇ ਨੇੜੇ ਹੁੰਦਾ ਸੀ ‌ ਸੈਕਟਰ 36 ਬੀ ਵਿੱਚ ਦੇਵ ਸਮਾਜ, ਹਰੇ ਰਾਮਾ ਹਰੇ ਕ੍ਰਿਸ਼ਨਾ ਮੰਦਰ ਅਤੇ ਉਨ੍ਹਾਂ ਦੇ ਪਿਛੇ ਬਣੀਆਂ ਕੋਠੀਆਂ ਬਜਵਾੜੇ ਪਿੰਡ ਦੇ ਉਪਰ ਹਨ। ਕਿਸਾਨ ਭਵਨ ਦੇ ਨਾਲ ਬਣੇ ਸੈਕਟਰ 22-23-35-36 ਵਾਲੇ ਚੌਂਕ ਨੂੰ ਲੋਕ ਬਜਵਾੜਾ ਚੌਂਕ ਕਰਕੇ ਜਾਣਦੇ ਹਨ ਅਤੇ ਸੈਕਟਰ 22-ਡੀ ਦੀ ਮਾਰਕੀਟ ਨੂੰ ਵੀ ਲੋਕ ਬਜਵਾੜਾ ਮਾਰਕੀਟ ਕਰਕੇ ਜਾਣਦੇ ਹਨ।

 

*ਚੰਡੀਗੜ੍ਹ ਦਾ ਬੱਸ ਅੱਡਾ ਪਹਿਲਾਂ ਬਜਵਾੜੇ ਪਿੰਡ ਵਿੱਚ ਹੁੰਦਾ ਸੀ ਅਤੇ ਬਜਵਾੜਾ ਅੱਡਾ ਕਰਕੇ ਮਸ਼ਹੂਰ ਸੀ। ਚੰਡੀਗੜ੍ਹ ਬਣਾਉਣ ਸਮੇਂ ਠੇਕੇਦਾਰ ਮਜਦੂਰਾਂ ਵਾਸਤੇ ਸੰਦ ਕਹੀਆਂ, ਗੈਂਤੀਆਂ, ਖੁਰਪੇ ਕੁਹਾੜੀਆਂ, ਤਸਲੇ, ਪੌੜੀਆਂ ਅਤੇ ਰੱਸੀਆਂ ਅਤੇ ਹੋਰ ਸਾਜੋ ਸਮਾਨ ਬਜਵਾੜੇ ਦੀਆਂ ਦੁਕਾਨਾਂ ਤੋਂ ਲੈ ਕੇ ਜਾਂਦੇ ਸਨ।
*ਬਜਵਾੜੇ ਦੀ ਅਬਾਦੀ ਦੋ ਕੁ ਹਜਾਰ ਸੀ ਅਤੇ ਇਸ ਪਿੰਡ ਵਿੱਚ 100 ਦੇ ਕਰੀਬ ਘਰ ਹੁੰਦੇ ਸਨ, ਜਿਹਨਾਂ ਵਿੱਚ ਜਿਆਦਾਤਰ ਕੱਚੇ ਸਨ। ਇਸ ਪਿੰਡ ਦੇ ਚੜਦੇ ਪਾਸੇ ਪਿੰਡ ਰੁੜਕੀ ਪੜਾਓ ਹੁੰਦਾ ਸੀ ਅਤੇ ਦੋਵਾਂ ਦਾ ਵੱਟ-ਬੰਨਾ ਕਿਰਨ ਸਿਨਮੇ ਦੇ ਕੋਲ ਸਾਂਝਾ ਸੀ। ਬਜਵਾੜੇ ਦੇ ਨੇੜੇ ਦੋ ਬਜਵਾੜੀਆਂ ਸਨ ਇੱਕ ਬਜਵਾੜੀ ਕਰਮ ਚੰਦ (ਹੁਣ ਸੈਕਟਰ 23 ਵਿੱਚ) ਅਤੇ ਦੂਜੀ ਸੈਕਟਰ 37 ਵੱਲ ਬਜਵਾੜੀ ਬਖਤਾ ਸੀ ਜੋ ਬੇ-ਚਿਰਾਗ ਮੌਜਾ ਸੀ। ਇਸ ਪਿੰਡ ਦੇ ਛਿੱਪਦੇ ਪਾਸੇ ਪਿੰਡ ਅਟਾਵਾ ਸੀ, ਜੋ ਹੁਣ ਵੀ ਹੈ ਅਤੇ ਦੱਖਣ ਵਾਲੇ ਪਾਸੇ ਫਤਿਹਗੜ ਮਾਦੜੇ ਵੱਸਦਾ ਸੀ।

 

*ਬਜਵਾੜੇ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੁੰਦਾ ਸੀ। ਬਜਵਾੜੇ ਦੀ ਗੁੱਗਾ ਮਾੜੀ ਅੱਜ ਵੀ ਸੈਕਟਰ 36 ਵਿੱਚ ਪਾਰਕ ਦੇ ਨੇੜੇ ਮੌਜੂਦ ਹੈ ਜਿਥੇ ਗੁੱਗੇ ਦਾ ਮੇਲਾ ਭਰਦਾ ਹੈ। ਪਿੰਡ ਵਿੱਚ ਇੱਕ ਖੇੜਾ ਵੀ ਹੁੰਦਾ ਸੀ। ਇਸ ਪਿੰਡ ਵਿੱਚ ਤਿੰਨ ਖੂਹ ਹੁੰਦੇ ਸੀ ਜਿਥੇ ਲੋਕ ਪਾਣੀ ਭਰਦੇ ਹੁੰਦੇ ਸੀ। ਹਲਟ ਗੇੜਨ ਲਈ ਪਿੰਡ ਵਿੱਚ ਚਾਰ ਊਠ ਹੁੰਦੇ ਸੀ। ਪਿੰਡ ਦੇ ਵਸਨੀਕ ਕਾਬਲ ਸਿੰਘ ਨੂੰ ਪੁਆਧੀ ਅਖਾੜੇ ਲੁਆਉਣ ਦਾ ਬਹੁਤ ਸ਼ੌਂਕ ਸੀ। ਬਜਵਾੜੇ ਵਿੱਚ ਛਿੰਝ ਵੀ ਹੁੰਦੀ ਸੀ। ਲੋਕ ਦੂਰੋਂ ਦੂਰੋਂ ਛਿੰਝ ਅਤੇ ਅਖਾੜੇ ਦੇਖਣ ਆਉਂਦੇ ਹੁੰਦੇ ਸੀ।

*ਬਜਵਾੜੇ ਦੇ ਪ੍ਰਮੁੱਖ ਵਿਅਕਤੀਆਂ ਵਿੱਚ ਹਜਾਰਾ ਸਿੰਘ ਫੌਜੀ, ਪੰਡਤ ਪਰਮੇਸਰੀ ਦਾਸ, ਮੇਹਰ ਸਿੰਘ ਫੌਜੀ, ਜੈਲਦਾਰ ਇੰਦਰ ਸਿੰਘ, ਨੰਬਰਦਾਰ ਕਰਨੈਲ ਸਿੰਘ, ਮਾਸਟਰ ਮਸਤਾਨ ਸਿੰਘ ਅਜਮੇਰ ਸਿੰਘ, ਸ਼ੇਰ ਸਿੰਘ, ਚਮੇਲ ਸਿੰਘ, ਗਰੀਬ ਸਿੰਘ ਫੌਜੀ ਅਤੇ ਰਤੀ ਰਾਮ ਫੌਜੀ ਆਦਿ ਸਨ। ਬਜਵਾੜੇ ਪਿੰਡ ਦਾ ਸਰਪੰਚ ਕਾਫੀ ਦੇਰ ਤੱਕ ਪਰਮੇਸਰੀ ਦਾਸ ਰਿਹਾ। ਕਪੂਰ ਸਿੰਘ ਅਤੇ ਨੱਥਾ ਸਿੰਘ ਨੰਬਰਦਾਰ ਹੁੰਦੇ ਸੀ। ਮਹਿਤਾਬ ਸਿੰਘ ਗਰੀਬ ਬੱਚੀਆਂ ਦੇ ਵਿਆਹ ਕਰਵਾਉਂਦਾ ਹੁੰਦਾ ਸੀ। ਜੈਲਦਾਰ ਇੰਦਰ ਸਿੰਘ ਕੋਲ ਘੋੜੀ ਹੁੰਦੀ ਸੀ। ਜੈਲਦਾਰ ਦਾ ਮੁੰਡਾ ਗੱਜਣ ਸਿੰਘ ਪਟਵਾਰੀ ਹੁੰਦਾ ਸੀ।

* ਅੰਬਾਂ ਦੇ ਬਾਗ ਵਾਲੇ ਕਾਬਲ ਸਿੰਘ ਨੂੰ ਮੂੰਗਲੀਆਂ ਫੇਰਨ ਅਤੇ ਪੰਜਾ ਭਿੜਾਉਣ ਦਾ ਸ਼ੌਂਕ ਸੀ। ਪਾਖਰ ਸਿੰਘ ਦੇ ਛੇ ਮੁੰਡੇ ਸਨ ਜਿਹਨਾਂ ਵਿੱਚ ਚਾਰ ਫੌਜ ਵਿੱਚ ਸਨ। ਪੰਡਤ ਸਿਰੀ ਰਾਮ ਅਤੇ ਉਸ ਦੀ ਘਰਵਾਲੀ ਬਨੂੜੋ ਦਾ ਵੀ ਚੰਗਾ ਆਦਰ ਸੀ। ਬਜਵਾੜੇ ਦਾ ਦੌਲਾ ਤਰਖਾਣ ਇਲਾਕੇ ਵਿੱਚ ਗੱਡਿਆਂ ਦੇ ਪਹੀਏ ਬਣਾਉਣ ਲਈ ਮਸ਼ਹੂਰ ਸੀ। ਭਾਖਰ ਸਿੰਘ ਵੈਦ ਦਾ ਵੀ ਇਲਾਕੇ ਵਿੱਚ ਕਾਫੀ ਨਾਮ ਸੀ। ਇਹਨਾਂ ਲੋਕਾਂ ਨੇ ਬੜਾ ਰੌਲਾ ਪਾਇਆ ਕਿ ਉਹਨਾਂ ਦਾ ਪਿੰਡ ਬਜਵਾੜਾ ਨਾ ਉਜਾੜਿਆ ਜਾਵੇ ਪ੍ਰੰਤੂ ਇਹਨਾਂ ਦੀ ਵਾਹ ਨਾ ਗਈ ਅਤੇ ਹੱਸਦਾ ਵੱਸਦਾ ਬਜਵਾੜਾ ਮਿੱਟੀ ਵਿੱਚ ਮਿਲ ਗਿਆ ਅਤੇ ਕੁੱਝ ਸਮੇਂ ਬਾਅਦ ਇਥੇ ਪੰਜਾਬ ਸਰਕਾਰ ਨੇ ਕਿਸਾਨ ਭਵਨ ਬਣਾ ਦਿੱਤਾ। ਚੰਗਾ ਹੁੰਦਾ ਜੇਕਰ ਕਿਸਾਨ ਭਵਨ ਦਾ ਨਾਮ ਹੀ ਕਿਸਾਨ ਭਵਨ ਬਜਵਾੜਾ ਰੱਖ ਲਿਆ ਜਾਂਦਾ। ਬਜਵਾੜੇ ਦੇ ਲੋਕ ਮੁਹਾਲੀ ਦੇ ਨੇੜੇ ਤੇੜੇ ਪਿੰਡਾਂ ਵਿੱਚ ਰਹਿੰਦੇ ਹਨ ਜਿਹਨਾਂ ਵਿੱਚ ਖੇੜਾ ਮਾਣਕਪੁਰ, ਤੰਗੌਰੀ, ਚਤਾਮਲੀ, ਗੜੀ ਜਾਂਸਲਾ, ਮੁੰਡੀ ਖਰੜ, ਸੰਤੇਮਾਜਰਾ, ਮਿਲਖ, ਸਰੈਬੰਜਾਰਾ ਆਦਿ ਜਿਕਰਯੋਗ ਹਨ।

*ਚੰਡੀਗੜ ਲਈ ਕੁਰਬਾਨ ਹੋ ਚੁੱਕੇ ਬਜਵਾੜੇ ਦੀ ਯਾਦ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸੈਕਟਰ 22-23-35-36 ਵਾਲੇ ਗੋਲ ਚੌਕ ਦਾ ਨਾਮ ਦਫਤਰੀ ਤੌਰ ‘ਤੇ ਬਜਵਾੜਾ ਚੌਂਕ ਅਤੇ ਸੈਕਟਰ 22-35 ਨੂੰ ਵੰਡਦੀ ਸੜਕ ਦਾ ਨਾਮ ਬਜਵਾੜਾ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ,
ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ, ਸੰਪਰਕ: 9914992424

Share This Article
Leave a Comment