ਚੰਡੀਗੜ੍ਹ : ਬੀਤੇ ਦਿਨੀਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਫੈਲੀ ਹਿੰਸਾ ਤੋਂ ਬਾਅਦ ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੰਡੀਗੜ੍ਹ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬੀਜੇਪੀ ਅਤੇ ਆਰਐੱਸਐੱਸ ਦੇ ਲੀਡਰ ਕਿਸਾਨ ਅੰਦੋਲਨ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਸਿੰਘੂ ਬਾਰਡਰ ‘ਤੇ ਹੋਈ ਹਿੰਸਾ ਵਿੱਚ ਵੀ ਕੇਂਦਰ ਸਰਕਾਰ ਨੇ ਬੀਜੇਪੀ ਅਤੇ ਆਰਐਸਐਸ ਦੇ ਲੋਕ ਭੇਜੇ ਸਨ। ਜਿਨ੍ਹਾਂ ਦਾ ਪਤਾ ਸੋਸ਼ਲ ਮੀਡੀਆ ‘ਤੇ ਸਾਰਿਆਂ ਨੂੰ ਚੱਲ ਚੁੱਕਿਆ ਹੈ। ਇਸ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਖਦੇੜਨ ਦੀ ਕੋਸ਼ਿਸ਼ ਵਿੱਚ ਹੈ ਅਤੇ ਸਾਨੂੰ ਲੋਕਾਂ ਤੋਂ ਵੱਖ ਕਰਨ ਦੇ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਨੂੰ ਦਿੱਤੀ ਜਾ ਰਹੀ ਬਿਜਲੀ ਅਤੇ ਪਾਣੀ ਨੂੰ ਵੀ ਰੋਕ ਦਿੱਤਾ ਗਿਆ ਹੈ, ਜੋ ਮਾਨਵਤਾ ਦੇ ਖ਼ਿਲਾਫ਼ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਇਹ ਸਾਡਾ ਲੋਕਤੰਤਰਿਕ ਅਧਿਕਾਰ ਹੈ। ਗਾਜ਼ੀਪੁਰ ਬਾਰਡਰ ‘ਤੇ ਉੱਤਰ ਪ੍ਰਦੇਸ਼ ਪੁਲੀਸ ਨੇ ਅੰਦੋਲਨ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜੋ ਨਾਕਾਮਯਾਬ ਰਹੀ। ਇਸ ਦਾ ਸਿਹਰਾ ਰਾਕੇਸ਼ ਟਿਕੈਤ ਨੂੰ ਜਾਂਦਾ ਹੈ। ਜਿਸ ਨੇ ਹਿੰਮਤ ਰੱਖ ਕੇ ਅੰਦੋਲਨ ਨੂੰ ਖੜ੍ਹਾ ਕੀਤਾ ਅਤੇ ਪੂਰੇ ਕਿਸਾਨ ਸੰਘਰਸ਼ ਵਿੱਚ ਨਵੀਂ ਜਾਨ ਭਰੀ। ਇਸ ਲਈ ਰਾਕੇਸ਼ ਟਿਕੈਤ ਦਾ ਅਸੀਂ ਉਚੇਚੇ ਤੌਰ ‘ਤੇ ਸਨਮਾਨ ਕਰਾਂਗੇ।