ਨਵੀਂ ਦਿੱਲੀ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਮਰਹੂਮ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਤੇ ਮਰਹੂਮ ਪਿੱਠਵਰਤੀ ਗਾਇਕ ਐੱਸਬੀ ਬਾਲਾਸੁਬਰਮਣੀਅਨ ਸਣੇ ਸੱਤ ਜਣਿਆਂ ਨੂੰ ਇਸ ਸਾਲ ਦੇ ਪਦਮ ਵਿਭੂਸ਼ਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਪਦਮ ਵਿਭੂਸ਼ਨ ਦੇਸ਼ ਦਾ ਦੂਜਾ ਸਰਬਉੱਚ ਨਾਗਰਿਕ ਐਵਾਰਡ ਹੈ।
ਦੱਸ ਦਈਏ ਇਸ ਦਾ ਐਲਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਕੀਤਾ ਜਾਂਦਾ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ, ਲੋਕ ਸਭਾ ਦੀ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਕੇਂਦਰੀ ਮੰਤਰੀ ਮਰਹੂਮ ਰਾਮ ਵਿਲਾਸ ਪਾਸਵਾਨ ਸਣੇ ਦਸ ਸ਼ਖ਼ਸੀਅਤਾਂ ਨੂੰ ਪਦਮ ਭੂਸ਼ਨ ਐਵਾਰਡ ਮਿਲੇਗਾ। ਇਸ ਐਵਾਰਡ ਸੂਚੀ ’ਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ, ਰਾਮ ਮੰਦਰ ਟਰੱਸਟ ਦੇ ਮੁਖੀ ਤੇ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਨ੍ਰਿਪੇਂਦਰ ਮਿਸਰਾ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਪਦਮਸ੍ਰੀ ਐਵਾਰਡ 103 ਸ਼ਖ਼ਸੀਅਤਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਐਵਾਰਡ ਸੂਚੀ ’ਚ ਪੰਜਾਬ ਤੋਂ ਰਜਨੀ ਬੈਕਟਰ (ਵਪਾਰ ਅਤੇ ਉਦਯੋਗ), ਪ੍ਰਕਾਸ਼ ਕੌਰ (ਸਮਾਜ ਸੇਵਾ), ਲਾਜਵੰਤੀ (ਕਲਾ ਖੇਤਰ) ਤੇ ਕਰਤਾਰ ਸਿੰਘ (ਕਲਾ ਖੇਤਰ) ਤੇ ਡਾ. ਰਤਨ ਲਾਲ ਮਿੱਤਲ (ਮੈਡੀਸਨ) ਸ਼ਾਮਲ ਹਨ। ਇਸੇ ਤਰ੍ਹਾਂ ਨੀਮ ਫੌਜੀ ਬਲਾਂ ’ਚੋਂ ਸੀਆਰਪੀਐੱਫ ਨੂੰ ਕੀਰਤੀ ਚੱਕਰਾਂ ਸਮੇਤ 73 ਬਹਾਦੁਰੀ ਪੁਰਸਕਾਰ ਦਿੱਤੇ ਗਏ ਹਨ।