ਦਿੱਲੀ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ‘ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਜਿਸ ਦੌਰਾਨ ਰਵਨੀਤ ਬਿੱਟੂ ਤੇ ਕੁਲਬੀਰ ਜ਼ੀਰਾ ਨਾਲ ਕੁੱਟਮਾਰ ਵੀ ਕੀਤੀ। ਉਹਨਾਂ ਦੀਆਂ ਪੱਗਾ ਉਤਾਰ ਦਿੱਤੀਆਂ। ਇਸ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਸਾਡੇ ‘ਤੇ ਹਮਲਾ ਕਰਨ ਵਾਲੇ ਖਾਲਿਸਤਾਨੀ ਸਮਰਥਕ ਸਨ। ਉਹਨਾਂ ਨੇ ਆਪਣੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਵੀ ਫੜੇ ਹੋਏ ਸਨ। ਕੁਲਬੀਰ ਜ਼ੀਰਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਿਸਾਨੀ ਅੰਦੋਲਨ ਨੂੰ ਖ਼ਤਮ ਕਰ ਸਕਦੀਆਂ ਹਨ। ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਕਿਸਾਨ ਅੰਨਦਾਤ ਹਨ ਉਹ ਅਜਿਹਾ ਨਹੀਂ ਕਰ ਸਕਦਾ। ਇਸ ਲਈ ਜਥੇਬੰਦੀਆਂ ਨੂੰ ਹਿੰਸਾ ਭੜਕਾਉਣ ਵਾਲੇ ਲੋਕਾਂ ਨੂੰ ਅੰਦੋਲਨ ਤੋਂ ਬਾਹਰ ਕਰਨਾ ਚਾਹੀਦਾ।
ਦੂਜੇ ਪਾਸੇ ਸਾਂਸਦ ਰਵਨੀਤ ਬਿੱਟੂ ਨੇ ਆਪਣੀ ਹੱਡ ਬੀਤੀ ਸੁਣਾਉਦੇ ਹੋਏ ਕਿਹਾ ਕਿ ਭੀੜ ਨੇ ਮੇਰੇ ‘ਤੇ ਹਥਿਆਰਾਂ ਨਾਲ ਹਮਲਾ ਕੀਤਾ। ਮੇਰੇ ਸਿਰ ‘ਤੇ ਵਾਰ ਕੀਤੇ ਗਏ। ਪਰ ਰੱਬ ਦਾ ਸ਼ੁਕਰ ਹੈ ਕਿ ਮੇਰਾ ਬਚਾਅ ਹੋ ਗਿਆ। ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਖੁੱਦ ਖੇਤੀ ਕਾਨੂੰਨਾਂ ਦੇ ਖਿਲਾਫ਼ ਪਿੱਛਲੇ 40 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਹਾਂ। ਅਸੀਂ ਸਿਰਫ਼ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਬਣ ਕੇ ਆਏ ਸੀ ਪਰ ਭੀੜ ਦਾ ਗੁੱਸਾ ਗਲ਼ਤ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਪੁਲਿਸ ਸ਼ਿਕਾਇਤ ਨਹੀਂ ਕਰਨਗੇ। ਕਿਉਂਕਿ NIA ਤਾਂ ਪਹਿਲਾਂ ਹੀ ਕਿਸਾਨਾਂ ਖਿਲਾਫ਼ ਕਾਰਵਾਈ ਕਰ ਰਹੀ ਹੈ। ਜੇਕਰ ਸਾਡੀ ਸ਼ਕਾਇਤ ਜਾਂਦੀ ਹੈ ਤਾਂ ਅੰਦੋਲਨ ਨੂੰ ਨੁਕਸਾਨ ਹੋ ਸਕਦਾ ਹੈ।