ਪਿੰਡ ਬਚਾਓ-ਪੰਜਾਬ ਮੁਹਿੰਮ ਦੇ ਆਗੂਆਂ ਨੇ ਫਗਵਾੜਾ ਦੇ ਪਿੰਡਾਂ ’ਚ ਦਿੱਤਾ ਹੋਕਾ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪਿੰਡ ਬਚਾਓ- ਪੰਜਾਬ ਬਚਾਓ ਕਾਫ਼ਲਾ ਹੋਕਾ ਲੈ ਕੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਫਗਵਾੜਾ ਤਹਿਸੀਲ ਦੇ ਪਿੰਡ ਪਲਾਹੀ, ਜਗਤਪੁਰ ਜੱਟਾਂ, ਬਲੱਡ ਬੈਂਕ ਫਗਵਾੜਾ ਅਤੇ ਮਹੇੜੂ ਵਿਖੇ ਪੁੱਜੇ ਅਤੇ ਲੋਕਾਂ ਨੂੰ ਪਿੰਡ ਬਚਾਉਣ ਦਾ ਹੋਕਾ ਦਿੰਦਿਆਂ ਉਹਨਾਂ ਕਿਰਸਾਨਾਂ ਵਲੋਂ ਲੜੇ ਜਾ ਰਹੇ ਅੰਦੋਲਨ ’ਚ ਭਰਪੂਰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਹਾਕਮਾਂ ਵਲੋਂ ਪੰਜਾਬ ਦੇ ਪਿੰਡਾਂ ਦੀ ਵਿਗਾੜੀ ਜਾ ਰਹੀ ਹਾਲਤ ਸਬੰਧੀ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕੀਤਾ। ਉਹਨਾਂ ਹਾਕਮਾਂ ਵਲੋਂ ਦੇਸ਼ ਵਿੱਚ ਕੇਂਦਰੀਕਰਨ ਦੀ ਸਿਆਸਤ ਕਰਕੇ ਦੇਸ਼ ਦੇ ਸੰਘੀ ਢਾਂਚੇ ਉੱਤੇ ਸੱਟ ਮਾਰਨ ਦੇ ਮਨਸੂਬਿਆਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਉਹ ਸਿਆਸੀ ਧਿਰ ਜਿਹੜੀ ਅਨੰਦਪੁਰ ਮਤੇ ਰਾਹੀਂ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰ ਸੀ, ਉਹ ਵੀ ਇਸ ਵੇਲੇ ਚੁੱਪ ਹੈ ਜਦਕਿ ਸੂਬਿਆਂ ਲਈ ਵੱਧ ਅਧਿਕਾਰ ਮੰਗੇ ਜਾਣੇ ਸਮੇਂ ਦੀ ਲੋੜ ਹੈ। ਗਿਆਨੀ ਕੇਵਲ ਸਿੰਘ ਨੇ ਸਿਆਸੀ ਲੋਕਾਂ ਦੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਕਰਦਿਆਂ, ਅੱਜ ਦੇ ਸਮੇਂ ਪੰਜਾਬ ਦੀ ਪਹਿਲਕਦਮੀ ਉਤੇ ਆਰੰਭੇ ਜਨ ਅੰਦੋਲਨ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ।

ਵੱਖੋ ਵੱਖਰੇ ਥਾਵਾਂ ‘ਤੇ ਕੀਤੇ ਇਹਨਾਂ ਇਕੱਠਾਂ ਨੂੰ ਗਿਆਨੀ ਕੇਵਲ ਸਿੰਘ ਤੋਂ ਬਿਨਾਂ ਦਰਸਨ ਸਿੰਘ ਧਨੇਠਾ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਕਿਰਨਜੀਤ ਕੌਰ, ਤਰਲੋਚਨ ਸਿੰਘ, ਤਾਰਾ ਸਿੰਘ ਨੇ ਵੀ ਸੰਬੋਧਨ ਕੀਤਾ। ਇਹਨਾਂ ਮੀਟਿੰਗਾਂ ਵਿੱਚ ਸਮਾਜ ਸੇਵਕ ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਪੱਤਰਕਾਰ ਪਰਵਿੰਦਰਜੀਤ ਸਿੰਘ, ਲੇਖਕ ਰਵਿੰਦਰ ਚੋਟ, ਲੇਖਕ ਬਲਦੇਵ ਸਿੰਘ ਕੋਮਲ, ਸਾਬਕਾ ਸਰਪੰਚ ਗੁਰਪਾਲ ਸਿੰਘ, ਸਰਪੰਚ ਰਣਜੀਤ ਕੌਰ ਪਲਾਹੀ, ਸਰਬਜੀਤ ਸਿੰਘ ਚਾਨਾ, ਢਾਡੀ ਸਵਰਨ ਸਿੰਘ ਮਹੇੜੂ, ਜਸਵਿੰਦਰ ਸਿੰਘ ਜਗਤਪੁਰ ਜੱਟਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।

Share This Article
Leave a Comment