ਨਵਜੋਤ ਸਿੱਧੂ – ਨਵੀਂ ਸਵੇਰ ਲਈ ਵੱਡੇ ਫ਼ੈਸਲੇ ਦਾ ਵੇਲਾ…

TeamGlobalPunjab
4 Min Read

(ਇਕ ਖ਼ਾਸ ਗੈਰਰਸਮੀ ਮੁਲਾਕਾਤ!)

-ਜਗਤਾਰ ਸਿੰਘ ਸਿੱਧੂ

ਨਵਜੋਤ ਸਿੱਧੂ ਦਾ ਪਿਛਲੇ ਹਫ਼ਤੇ ਦੇ ਆਖਿਰ ‘ਚ ਅਚਾਨਕ ਲੰਮੇ ਸਮੇਂ ਬਾਅਦ ਫ਼ੋਨ ਆਇਆ! ਉਨ੍ਹਾਂ ਨੇ ਆਪਣੇ ਗੱਲ ਕਰਨ ਦੇ ਅੰਦਾਜ਼ ਨਾਲ ਕਿਹਾ ਕਿ ਅਗਲੇ ਦਿਨ ਸ਼ੁੱਕਰਵਾਰ ਨੂੰ ਪਟਿਆਲ਼ਾ ਮਿਲਣ ਆਉ। ਕੁਝ ਦੋਸਤਾਂ ਨਾਲ ਪੰਜਾਬ ਬਾਰੇ ਗੱਲ ਕਰਨੀ ਹੈ। ਮੈਂ ਹਾਮੀ ਭਰ ਦਿੱਤੀ ਅਤੇ ਮਿੱਥੇ ਸਮੇਂ ਅਨੁਸਾਰ ਪਟਿਆਲ਼ੇ ਯਾਦਵਿੰਦਰਾ ਕਾਲੋਨੀ ਉਨ੍ਹਾਂ ਦੇ ਘਰ ਪੁੱਜ ਗਿਆ। ਪਟਿਆਲ਼ਾ ਤੋਂ ਸੀਨੀਅਰ ਪੱਤਰਕਾਰ ਸਰਬਜੀਤ ਭੰਗੂ, ਪਟਿਆਲ਼ਾ ਪ੍ਰੈਸ ਕਲੱਬ ਦੇ ਪ੍ਰਧਾਨ ਅਮਨ ਸੂਦ, ਚੰਡੀਗੜ੍ਹ ਤੋਂ ਨੌਜਵਾਨ ਪੱਤਰਕਾਰ ਯਾਦਵਿੰਦਰ, ਸੀਨੀਅਰ ਫੋਟੋ ਜਰਨਲਿਸਟ ਰਾਜੇਸ਼ ਸੱਚਰ ਅਤੇ ਹੋਰ ਚੋਣਵੇਂ ਪੱਤਰਕਾਰ ਪੁੱਜੇ ਹੋਏ ਸਨ। ਚੰਡੀਗੜ੍ਹ ‘ਚ ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਇਹ ਪਹਿਲੀ ਮੁਲਾਕਾਤ ਸੀ।

ਮੈਂ ਮਾਸਕ ਲਾਇਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਮੌਕੇ ਤੋਂ ਦਾੜ੍ਹੀ ਰੰਗਣੀ ਛੱਡੀ ਹੋਈ ਹੈ। ਇਸ ਤਰ੍ਹਾਂ ਮਾਸਕ ਸਮੇਤ ਬਰਫ਼ ਵਰਗੀ ਸਫ਼ੈਦ ਦਾੜੀ ਵਾਲਾ ਮੈਂ ਸਿੱਧੂ ਦੇ ਸਾਹਮਣੇ ਗਿਆ ਤਾਂ ਸਿੱਧੂ ਨੇ ਪੂਰੇ ਭਰੋਸੇ ਨਾਲ ਕੁਝ ਝਿਜਕਦੇ ਹੋਏ ਮੈਨੂੰ ਬੁਲਾਇਆ। ਕ੍ਰਿਕਟ ਦੇ ਖਿਡਾਰੀ ਵਾਂਗ ਬਗੈਰ ਮੌਕਾ ਗੁਆਏ ਮੇਰੇ ਵੱਲ ਝੁਕੇ ਅਤੇ ਬੜੇ ਨਿੱਘ ਨਾਲ ਆਪਣੇ ਅੰਦਾਜ਼ ‘ਚ ਨਿੱਘ ਭਰੇ ਮੋਹ ਦਾ ਪ੍ਰਗਟਾਵਾ ਕੀਤਾ। ਸਾਡੇ ਟ੍ਰਿਬਿਉਨ ਦੇ ਸੀਨੀਅਰ ਫੋਟੋਗ੍ਰਾਫਰ ਸੱਚਰ ਨੇ ਪਤਾ ਨਹੀਂ ਕਿਹੜੇ ਵੇਲੇ ਉਨ੍ਹਾਂ ਪਲਾਂ ਨੂੰ ਕੈਮਰੇ ‘ਚ ਵੀ ਸਾਂਭ ਲਿਆ।

 

ਨਵਜੋਤ ਸਿੱਧੂ ਨਾਲ ਮੁਲਾਕਾਤ ਦੇ ਦੋ ਵੱਡੇ ਪਹਿਲੂ ਹਨ! ਉਨ੍ਹਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਕਿਸਾਨੀ ਅੰਦੋਲਨ ਅਤੇ ਮੋਦੀ ਸਰਕਾਰ ਦੀ ਖੇਤੀ ਨੀਤੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਦੂਸਰਾ ਪਹਿਲੂ ਗ਼ੈਰ-ਰਸਮੀ ਰਿਹਾ ਜਿਹੜਾ ਕਿ ਪ੍ਰੈਸ ਕਾਨਫਰੰਸ ਤੋਂ ਵੇਹਲੇ ਹੋ ਕੇ ਚਾਹ ਦੇ ਕੱਪ ‘ਤੇ ਮੇਰੇ ਨਾਲ ਸੀ। ਅਸਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੈਂ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੰਪਰਕ ਨਹੀਂ ਬਣ ਸਕਿਆ। ਉਨ੍ਹਾਂ ਦੇ ਖਿਡਾਰੀ ਮਿੱਤਰ ਅਤੇ ਵਿਧਾਇਕ ਪਰਗਟ ਸਿੰਘ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਹ ਜ਼ਰੂਰ ਹੈ ਕਿ ਪੱਤਰਕਾਰੀ ‘ਚ ਮੈਂ ਅਜਿਹਾ ਕੋਈ ਰਾਜਸੀ ਨੇਤਾ ਨਹੀਂ ਜਾਣਦਾ ਕਿ ਸਾਰੇ ਸੰਪਰਕ ਬੰਦ ਕਰਕੇ ਘਰ ਬੈਠਾ ਹੋਵੇ ਪਰ ਪੰਜਾਬ ‘ਚ ਫਿਰ ਵੀ ਉਸ ਦੀ ਸਭ ਤੋਂ ਵਧੇਰੇ ਚਰਚਾ ਹੋਵੇ। ਇਹ ਸਵਾਲ ਟੀਵੀ ਚੈਨਲ ਦੀਆਂ ਡਿਬੇਟਾਂ ਵਿੱਚ ਵੀ ਮੈਂ ਕਰਦਾ ਰਿਹਾ ਹਾਂ ਕਿ ਅਜਿਹਾ ਕੀ ਹੈ ਕਿ ਨਵਜੋਤ ਸਿੱਧੂ ਘਰ ‘ਚ ਬੈਠਾ ਹੈ ਪਰ ਲੋਕਾਂ ਵਿੱਚ ਚਰਚਿਤ ਹੈ? ਹੁਣ ਉਹ ਸਿੱਧੂ ਮੇਰੇ ਸਾਹਮਣੇ ਹੋਵੇ ਤਾਂ ਮੁਲਾਕਾਤ ਦਾ ਮੌਕਾ ਕਿਵੇਂ ਛੱਡਿਆ ਜਾ ਸਕਦਾ ਹੈ?

ਉਹ ਪੰਜਾਬ ਬਾਰੇ ਬਹੁਤ ਦਲੇਰੀ ਨਾਲ ਖੁਲ਼ ਕੇ ਗੱਲ ਕਰਦਾ ਹੈ। ਉਹ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਕੁਝ ਵੀ ਕਰਨ ਲਈ ਤਿਆਰ ਹੈ ਪਰ ਆਪਣੇ ਅਸੂਲਾਂ ਅਤੇ ਸਿਰਜੇ ਸੁਪਨਿਆਂ ਲਈ ਕਿਸੇ ਨਾਲ ਸਮਝੌਤਾ ਨਹੀਂ ਕਰ ਸਕਦਾ। ਉਹ ਕ੍ਰਿਕਟਰ ਤੋਂ ਰਾਜਸੀ ਨੇਤਾ ਬਣਿਆ ਹੈ ਪਰ ਖਿਡਾਰੀ ਵਾਂਗ ਉਹ ਰਾਜਨੀਤੀ ਵਿਚ ਵੀ ਇਮਾਨਦਾਰੀ ਨਾਲ ਖੇਡਦਾ ਹੈ! ਲੋਕਾਂ ਨੇ ਉਸ ਨੂੰ ਕਦੇ ਨਹੀਂ ਹਰਾਇਆ ਪਰ ਰਾਜਸੀ ਨੇਤਾਵਾਂ ਦੀ ਉਸ ਨੂੰ ਰਨ-ਆਊਟ ਕਰਨ ਦੀ ਕੋਸ਼ਿਸ਼ ਜ਼ਰੂਰ ਰਹਿੰਦੀ ਹੈ। ਜਦੋਂ ਉਹ ਬੋਲਦਾ ਹੈ ਤਾਂ ਉਸੇ ਤਰ੍ਹਾਂ ਪੂਰੇ ਜ਼ੋਰ ਨਾਲ ਗੱਲ ਕਰਦਾ ਹੈ ਜਿਵੇਂ ਕ੍ਰਿਕਟ ਦਾ ਖਿਡਾਰੀ ਮੈਦਾਨ ‘ਚ ਛਿੱਕਾ ਮਾਰ ਰਿਹਾ ਹੋਵੇ।

ਇਸ ਮੁਲਾਕਾਤ ਦੌਰਾਨ ਮੈਂ ਪ੍ਰੈਸ ਕਾਨਫਰੰਸ ਤੋਂ ਲੈ ਕੇ ਤਿੰਨ ਘੰਟੇ ਤੋਂ ਵਧੇਰੇ ਸਮਾਂ ਉਨ੍ਹਾਂ ਨਾਲ ਬਿਤਾਇਆ ਪਰ ਰਸਮੀ ਜਾਂ ਗ਼ੈਰ ਰਸਮੀ ਗੱਲਬਾਤ ‘ਚ ਉਸ ਨੇ ਇਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ। ਜੇ ਪੱਤਰਕਾਰਾਂ ਨੇ ਪੁੱਛਿਆ ਵੀ ਤਾਂ ਉਸ ਨੇ ਕ੍ਰਿਕਟ ਦੀ ਗੇਂਦ ਵਾਂਗ ਬੱਲਾ ਵੀ ਟੱਚ ਨਹੀਂ ਕੀਤਾ। ਉਹ ਪੰਜਾਬ ਲਈ ਜੇਤੂ ਪਾਰੀ ਖੇਡਣ ਦਾ ਮਨ ਬਣਾਈ ਬੈਠਾ ਹੈ ਪਰ ਲਗਦਾ ਕਿ ਹਾਲ ਦੀ ਘੜੀ ਪੱਤੇ ਖੋਲਣ ਨੂੰ ਤਿਆਰ ਨਹੀਂ। ਉਸ ਨੇ ਤਿੰਨ ਘੰਟੇ ਦੇ ਸਮੇਂ ‘ਚ ਇਕ ਵਾਰ ਵੀ ਆਪਣੇ ਮੂੰਹ ਤੋਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਜਾਂ ਰਾਹੁਲ ਗਾਂਧੀ ਦਾ ਨਾਂ ਨਹੀਂ ਲਿਆ ਪਰ ਮੋਦੀ ਸਰਕਾਰ ਨੂੰ ਕਿਸਾਨੀ ਦੇ ਮੁੱਦੇ ਲਈ ਸਿਰੇ ਦੀ ਬੇਈਮਾਨ ਕਿਹਾ! ਮੀਡੀਆ ਦੀ ਭੂਮਿਕਾ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। (ਇਸ ਮੁਲਾਕਾਤ ਦਾ ਬਾਕੀ ਹਿੱਸਾ ਅਗਲੀ ਵਾਰ ਛੇਤੀ)

ਸੰਪਰਕ: 9814002186

Share This Article
Leave a Comment