ਨਵੀਂ ਦਿੱਲੀ : ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਅੱਜ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀਆਂ ਨੇ ਜਥੇਬੰਦੀਆਂ ਨੂੰ ਕਿਹਾ ਕਿ ਅਸੀਂ ਐਮਐਸਪੀ ਨੂੰ ਹੋਰ ਮਜ਼ਬੂਤ ਕਰ ਦੇਵਾਂਗੇ, ਤੁਸੀਂ ਆਪਣਾ ਅੰਦੋਲਨ ਖ਼ਤਮ ਕਰ ਦਿਓ। ਇਸ ਦੌਰਾਨ ਕਿਸਾਨਾਂ ਨੇ ਸਾਫ਼ ਕੀਤਾ ਕਿ ਅੰਦੋਲਨ ਸਿਰਫ਼ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੀ ਖ਼ਤਮ ਕੀਤਾ ਜਾਵੇਗਾ। ਇਸ ਵਿਚਾਲੇ ਐਮਐਸਪੀ ‘ਤੇ ਵਿਸ਼ੇਸ਼ ਚਰਚਾ ਕਰਨ ਲਈ ਕੇਂਦਰ ਸਰਕਾਰ ਨੇ ਅਗਲੀ ਬੈਠਕ ਬੁਲਾ ਲਈ ਹੈ।
ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਅਗਲੀ ਬੈਠਕ 19 ਜਨਵਰੀ ਨੂੰ ਰੱਖੀ ਗਈ ਹੈ। ਅੱਜ ਦੀ ਮੀਟਿੰਗ ਵਿੱਚ ਜ਼ਰੂਰੀ ਵਸਤਾਂ ਸੋਧ ਬਿੱਲ ‘ਤੇ ਵਿਚਾਰ ਚਰਚਾ ਹੋਈ ਪਰ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਘਬਰਾਹਟ ਵਿੱਚ ਆ ਗਈ ਹੈ। ਇਸ ਲਈ ਅੰਦੋਲਨ ਖ਼ਤਮ ਕਰਨ ‘ਤੇ ਵਾਰ ਵਾਰ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਮੀਟਿੰਗ ਤੋਂ ਬਾਹਰ ਆਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਹੈ। ਅਸੀਂ ਐਮਐਸਪੀ ਵਾਲਾ ਪ੍ਰਪੋਜਲ ਜਥੇਬੰਦੀਆਂ ਸਾਹਮਣੇ ਰੱਖਿਆ ਸੀ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਅਦਾਲਤ ਵੱਲੋਂ ਬਣਾਈ ਕਮੇਟੀ ਜਦੋਂ ਵੀ ਸਾਨੂੰ ਬੁਲਾਏਗੀ ਅਸੀਂ ਜ਼ਰੂਰ ਹਾਜ਼ਰ ਹੋਵਾਗੇ। ਕਿਸਾਨਾਂ ਨੂੰ ਵੀ ਕਮੇਟੀ ਸਵਿਕਾਰ ਕਰ ਲੈਣੀ ਚਾਹੀਦੀ ਹੈ।