ਹਰਿਆਣਾ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਸਹਿਯੋਗ ਵਿੱਚ ਹੁਣ ਐਨਡੀਏ ਦੀਆਂ ਵਿਰੋਧੀਆਂ ਪਾਰਟੀਆਂ ਵੀ ਨਿੱਤਰ ਰਹੀਆਂ ਹਨ। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਇਸ ਦਾ ਸੇਕ ਪੁੱਜਣ ਲੱਗਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਯਾਨੀ INLD ਦੇ ਲੀਡਰ ਅਭੈ ਸਿੰਘ ਚੌਟਾਲਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਅਭੈ ਚੌਟਾਲਾ ਨੇ ਇਸ ਬਾਬਤ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਸ ਅਸਤੀਫੇ ਪੱਤਰ ਵਿੱਚ ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ 26 ਜਨਵਰੀ ਤੋਂ ਪਹਿਲਾਂ ਪਹਿਲਾਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਤਾਂ ਇਸ ਪੱਤਰ ਨੂੰ ਮੇਰਾ ਅਸਤੀਫਾ ਸਮਝਿਆ ਜਾਵੇ। ਜਿਸ ਤੋਂ ਸਾਫ਼ ਹੈ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਤਾਂ ਉਹ ਵਿਧਾਇਕ ਬਣੇ ਰਹਿਣਗੇ। ਜੇਕਰ ਕਿਸਾਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਉਹ ਵਿਧਾਇਕੀ ਨੂੰ ਤਿਆਗ ਦੇਣਗੇ।
ਹਰਿਆਣਾ ਵਿੱਚ ਵੀ ਕਿਸਾਨਾਂ ਦਾ ਬੀਜੇਪੀ ਲੀਡਰਾਂ ਖਿਲਾਫ਼ ਰੋਸ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਕਰਨਾਲ ਦੇ ਪਿੰਡ ਕੈਮਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨ ਮਹਾਪੰਚਾਇਤ ਰੈਲੀ ਰੱਖੀ ਹੋਈ ਸੀ। ਜਿਸ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਕਿਸਾਨਾਂ ਦੇ ਰੋਸ ਕਾਰਨ ਸੀਐਮ ਖੱਟਰ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਬੀਜੇਪੀ ਦੀ ਸਹਿਯੋਗੀ ਪਾਰਟੀ ਜੇਜੇਪੀ ਜਿਸ ਨਾਲ ਭਾਜਪਾ ਮਿਲ ਕੇ ਸਰਕਾਰ ਚਲਾ ਰਹੀ ਹੈ, ਉਹਨਾਂ ਦੇ ਲੀਡਰਾਂ ਦਾ ਵੀ ਵਿਰੋਧ ਕਰ ਰਹੇ ਹਨ ਤੇ ਮੰਗ ਕੀਤੀ ਜਾਂ ਰਹੀ ਹੈ ਕਿ ਜੇਜੇਪੀ ਬੀਜੇਪੀ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਖੱਟਰ ਸਰਕਾਰ ਨੂੰ ਸੱਤਾਂ ਤੋਂ ਲਾਂਭੇ ਕੀਤਾ ਜਾਵੇ।