ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਤੁਰੰਤ ਰਿਹਾਅ ਕਰਨਦੀ ਮੰਗ ਕਰਨਗੇ ਕਿਉਂਕਿ ਭਾਰਤ ਸਰਕਾਰ ਨੇ ਪਹਿਲਾਂ ਹੀ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਨਾਲ ਮੁਲਾਕਾਤ ਵਸਤੇ ਰਸਮੀ ਤੌਰ ’ਤੇ ਬੇਨਤੀ ਕੀਤੀ ਸੀ। ਬਾਦਲ ਦਾ ਫੈਸਲਾ ਹਾਲ ਹੀ ਵਿਚ ਸੁਪਰੀਮ ਕੋਰਟ ਵੱਲੋਂ ਭਾਰਤ ਸਰਕਾਰ ਨੁੰ ਜਾਰੀ ਕੀਤੇ ਨੋਟਿਸ ਸਮੇਤ ਉਪਜੇ ਹਾਲਾਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਚਾਹੁੰਦੇ ਹਨ ਕਿ ਰਾਜੋਆਣਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਭਾਰਤ ਸਰਕਾਰ ਨੇ ਜਨਤਕ ਤੌਰ’ਤੇ ਐਲਾਨ ਕੀਤਾ ਸੀ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾ ਰਹੀ ਹੈ ਤੇ ਰਾਜੋਆਣਾ ਨੇ ਇਕ ਆਮ ਉਮਰ ਕੈਦੀ ਨਾਲੋਂ ਤਿੰਨ ਗੁਣਾ ਸਮਾਂ ਜੇਲ੍ਹਾਂ ਵਿਚ ਗੁਜ਼ਾਰ ਲਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਨੇ ਰਾਜੋਆਣਾ ਨੂੰ ਫਾਂਸੀਦੇਣ ਦਾ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਉਸ ਵੇਲੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰਾਲੇ ਦੇ ਮੁਖੀ ਸਨ। ਬਾਦਲ ਨੇ ਕੱਲ੍ਹ ਵੀ ਰਾਜੋਆਣਾ ਦੀ ਰਿਹਾਈ ਦੀ ਮੰਗ ਕੀਤੀ ਸੀ। ਕੁਝ ਕਾਂਗਰਸੀ ਆਗੂਆਂ ਨੇ ਅੱਜ ਇਸ ਮੰਗ ਦਾ ਵਿਰੋਧ ਕੀਤਾ। ਸੁਖਬੀਰ ਸਿੰਘ ਬਾਦਲ ਨੇ ਰਵਨੀਤ ਸਿੰਘ ਬਿੱਟੂ ਨਾਲ ਉਲਝਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸਿਰਫ ਅਕਾਲ ਪੁਰਖ ਅੱਗੇ ਅਰਦਾਸ ਕਰ ਸਕਦੇ ਹਨ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਕੌਮ ਵੱਲੋਂ ਕੀਤੀ ਸਿਧਾਂਤਕ ਮੰਗ ਦੇ ਤੇ ਭਾਵਨਾਵਾਂ ਦੇ ਹੱਕ ਵਿਚ ਭੁਗਤਣ ਦੀ ਤਾਕਤ ਬਖਸ਼ਣ।