ਵਾਸ਼ਿੰਗਟਨ: ਅਮਰੀਕੀ ਫੌਜ ‘ਚ ਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕੀ ਫ਼ੌਜ ਦਾ ਪਹਿਲਾ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੈਂਟਾਗਨ ਨੇ ਜੁਲਾਈ 2020 ਵਿੱਚ ਇਸ ਅਹੁਦੇ ਦੀ ਸਥਾਪਨਾ ਕੀਤੀ ਸੀ। ਰਾਜ ਅਈਅਰ ਫ਼ੌਜ ਦੇ ਸਕੱਤਰ ਦੇ ਮੁੱਖ ਸਲਾਹਕਾਰ ਹਨ ਅਤੇ ਸੂਚਨਾ ਪ੍ਰਬੰਧਨ ਤੇ ਸੂਚਨਾ ਟੈਕਨਾਲੋਜੀ’ਚ ਸਕੱਤਰ ਦੀ ਸਿੱਧੇ ਤੌਰ ‘ਤੇ ਨੁਮਾਇੰਦਗੀ ਕਰ ਚੁੱਕੇ ਹਨ।
ਅਮਰੀਕੀ ਫੌਜ ਵਿੱਚ ਤਿੰਨ ਸਟਾਰ ਜਨਰਲ ਦੇ ਬਰਾਬਰ ਇਸ ਅਹੁਦੇ ਨੂੰ ਹਾਸਲ ਕਰਨ ਵਾਲੇ ਰਾਜ ਫ਼ੌਜ ਵਿੱਚ ਸੂਚਨਾ ਟੈਕਨਾਲੋਜੀ ਦੇ 16 ਅਰਬ ਡਾਲਰ ਦੇ ਸਾਲਾਨਾ ਬੱਜਟ ’ਤੇ ਮਾਰਗਦਰਸ਼ਨ ਕਰਨਗੇ ਅਤੇ 100 ਦੇਸ਼ਾਂ ਵਿੱਚ ਤਾਇਨਾਤ ਲਗਭਗ 15 ਹਜ਼ਾਰ ਗ਼ੈਰ-ਫ਼ੌਜੀ ਅਤੇ ਫ਼ੌਜ ਕਰਮੀ ਉਨ੍ਹਾਂ ਦੇ ਅਧੀਨ ਕੰਮ ਕਰਨਗੇ। ਉਹ ਚੀਨ ਤੇ ਰੂਸ ਵਿਰੁੱਧ ਅਮਰੀਕੀ ਫ਼ੌਜ ਨੂੰ ਡਿਜੀਟਲ ਪੱਧਰ ‘ਤੇ ਮੁਕਾਬਲਾ ਕਰਨ ਲਈ ਆਧੁਨਿਕੀਕਰਨ ਤੇ ਨੀਤੀਆਂ ਲਾਗੂ ਕਰਨ ‘ਤੇ ਵੀ ਕੰਮ ਕਰਨਗੇ।
ਦੱਸ ਦੇਈਏ ਕਿ ਰਾਜ ਅਈਅਰ ਮੁੱਖ ਤੌਰ ‘ਤੇ ਤਮਿਲਨਾਡੂ ਦੇ ਤਿਰੂਚਿਰਾਪਲੀ ਦੇ ਵਾਸੀ ਹਨ। ਉਨ੍ਹਾਂ ਦਾ ਬਚਪਨ ਬੰਗਲੁਰੂ ਵਿੱਚ ਬੀਤਿਆ ਅਤੇ ਉਨ੍ਹਾਂ ਨੇ ਤਿਰੂਚੀ ਦੀ ਕੌਮੀ ਟੈਕਨਾਲੋਜੀ ਸੰਸਥਾ ਤੋਂ ਗਰੈਜੂਏਸ਼ਨ ਕੀਤੀ ਸੀ ਅਤੇ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਆ ਗਏ ਸਨ।