ਬਟਾਲਾ : ਇੱਥੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਲੜਕੀ ਨੇ ਆਪਣੇ ਸੁਹਰੇ ਪਰਿਵਾਰ ‘ਤੇ ਵੱਖ-ਵੱਖ ਇਲਾਜ਼ਮਾਂ ਹੇਂਠ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਧੀ ਮਨਪ੍ਰੀਤ ਕੌਰ ਨੇ ਬਟਾਲਾ ਪੁਲਿਸ ਲੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸੁਹਰੇ ਪਰਿਵਾਰ ਵਾਲੇ ਦਹੇਜ ਨੂੰ ਲੈ ਕੇ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਘਰੋਂ ਕੱਢਣ ਅਤੇ ਦਾਜ ‘ਚ BMW ਕਾਰ ਲਿਆਉਣ ਦੇ ਨਾਲ-ਨਾਲ ਨਕਦ ਰਾਸ਼ੀ ਦੀ ਵੀ ਮੰਗ ਕਰਦੇ ਹਨ। ਜਦੋਂ ਉਹ ਇਸ ਦਾ ਵਿਰੋਧ ਕਰਦੀ ਸੀ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ।
ਇਸ ਤੋਂ ਇਲਾਵਾ ਵਿਧਾਇਕ ਦੀ ਧੀ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਗਲਤ ਦਵਾਈ ਦੇ ਕੇ ਉਸ ਦਾ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸ਼ਿਕਾਇਤ ਤੋਂ ਬਾਦਅ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਐਸ.ਐਸ.ਪੀ ਰਛਪਾਲ ਸਿੰਘ ਬਟਾਲਾ ਦੇ ਹੁਕਮਾਂ ‘ਤੇ ਮਨਪ੍ਰੀਤ ਦੇ ਪਤੀ ਇੰਸਪੈਕਟਰ ਜਤਿੰਦਰ ਸਿੰਘ ਪੁੱਤਰ ਬਲਜੀਤ ਸਿੰਘ, ਜਗਦਰਸ਼ਨ ਕੌਰ ਪਤਨੀ ਬਲਜੀਤ ਸਿੰਘ, ਡਿੰਪਲ ਪੁੱਤਰ ਬਲਜੀਤ ਸਿੰਘ ਵਾਸੀਅਨ ਨੇੜੇ ਸ਼ਹੀਦ ਊਧਮ ਸਿੰਘ ਚੌਕ ਮੋਗਾ ਰੋਡ ਧਰਮਕੋਟ, ਮੋਨਾ ਪਤਨੀ ਨਰਿੰਦਰ ਸਿੰਘ, ਨਰਿੰਦਰ ਸਿੰਘ ਵਾਸੀਅਨ ਜਲੰਧਰ, ਦਰਸ਼ਨਾ, ਮਨਿੰਦਰ ਸਿੰਘ ਵਾਸੀਅਨ ਧਰਮਕੋਟ ਮੋਗਾ ‘ਤੇ ਧਾਰਾ 498 ਏ, 406, 313, 506 ਅਤੇ 120 ਬੀ ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ।