ਉੱਤਰ ਪ੍ਰਦੇਸ਼: ਗਾਜ਼ੀਆਬਾਦ ਵਿਖੇ ਬੀਤੇ ਦਿਨੀਂ ਸ਼ਮਸ਼ਾਨਘਾਟ ‘ਚ ਵਾਪਰੇ ਹਾਦਸੇ ਦੇ ਮਾਮਲੇ ’ਚ ਪੁਲਿਸ ਨੇ ਨਗਰ ਕੌਂਸਲ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਨਗਰ ਕੌਂਸਲ ਦੀ ਈਓ, ਜੇਈ ਸੁਪਰਵਾਈਜ਼ਰ ਅਤੇ ਠੇਕੇਦਾਰ ਖਿਲਾਫ਼ ਕੰਮ ‘ਚ ਲਾਪ੍ਰਵਾਹੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ।
ਇਸ ਹਾਦਸੇ ਚ ਹੁਣ ਤੱਕ ਲਗਭਗ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਮ੍ਰਿਤਕਾਂ ਦੇ ਪਰਿਵਾਰਾਂ ਨੇ ਮੁਆਵਜ਼ੇ ਦੀ ਮੰਗ ਤੇ ਦਿੱਲੀ ਮੇਰਠ ਰਾਜਮਾਰਗ ਜਾਮ ਕਰ ਦਿੱਤਾ।
ਪੁਲਿਸ ਇੰਚਾਰਜ ਇਰਾਜ ਰਾਜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਰਾਦਨਗਰ ਨਗਰ ਕੌਂਸਲ ਦੀ ਕਾਰਜਕਾਰੀ ਅਧਿਕਾਰੀ ਨਿਹਾਰਿਕਾ ਸਿੰਘ, ਜੂਨੀਅਰ ਇੰਜਨੀਅਰ ਚੰਦਰਪਾਲ ਤੇ ਸੁਪਰਵਾਈਜ਼ਰ ਆਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਠੇਕੇਦਾਰ ਅਜੈ ਤਿਆਗੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਮੁਰਾਦਨਗਰ ਥਾਣਾ ਖੇਤਰ ਦੇ ਉਖਰਾਣੀ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ‘ਚ ਲਗਭਗ 50 ਲੋਕ ਜੈਰਾਮ ਦੇ ਸਸਕਾਰ ‘ਤੇ ਆਏ ਹੋਏ ਸਨ। ਇਹ ਸਾਰੇ ਲੋਕ ਸ਼ਮਸ਼ਾਨਘਾਟ ਦੇ ਗੇਟ ਨਾਲ ਬਣੀ ਗੈਲਰੀ ‘ਚ ਮੌਨ ਧਾਰਨ ਕਰਕੇ ਖੜ੍ਹੇ ਸਨ, ਜਿਸ ਦੌਰਾਨ ਹਾਦਸਾ ਵਾਪਰ ਗਿਆ ਅਤੇ ਛੱਤ ਇਨ੍ਹਾਂ ਦੇ ਉੱਪਰ ਆ ਡਿੱਗੀ।