ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਦਿਲ ਦੁਖਾਉਣ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਟਿਕਰੀ ਬਾਰਡਰ ‘ਤੇ ਖੇਤੀ ਕਾਨੂੰਨ ਖਿਲਾਫ਼ ਧਰਨਾ ਦੇ ਰਹੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਸੰਗਰੂਰ ਦਾ ਰਹਿਣ ਵਾਲਾ ਕਿਸਾਨ ਸ਼ਮਸ਼ੇਰ ਸਿੰਘ ਕੁਝ ਦਿਨ ਪਹਿਲਾਂ ਹੀ ਟਿਕਰੀ ਬਾਰਡਰ ‘ਤੇ ਅੰਦੋਲਨ ਨੂੰ ਸਮਰਥਨ ਦੇਣ ਲਈ ਆਇਆ ਸੀ। ਜਿਸ ਦੌਰਾਨ ਸ਼ਮਸ਼ੇਰ ਦੀ ਲੱਤ ਤੇ ਇਕ ਜ਼ਹਿਰੀਲੇ ਕੀੜੇ ਨੇ ਡੰਗ ਮਾਰ ਦਿੱਤਾ। ਕਿਸਾਨ ਦੀ ਹਾਲਤ ਗੰਭੀਰ ਹੁੰਦੇ ਹੋਏ ਦੇਖ ਉਸ ਨੂੰ ਟੋਹਾਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਥੇ ਸ਼ਮਸ਼ੇਰ ਸਿੰਘ ਨੇ ਦਮ ਤੋੜ ਦਿੱਤਾ।
70 ਸਾਲਾ ਸ਼ਮਸ਼ੇਰ ਸਿੰਘ ਸੰਗਰੂਰ ਦੇ ਪਿੰਡ ਲਿੱਧੜਾਂ ਦਾ ਰਹਿਣ ਵਾਲਾ ਸੀ। ਕਿਸਾਨ ਸ਼ਮਸ਼ੇਰ ਸਿੰਘ ਦੀ ਮ੍ਰਿਤਕ ਦੇਹ ਜਦੋਂ ਦਿੱਲੀ ਤੋਂ ਉਹਨਾਂ ਦੇ ਪਿੰਡ ਨੂੰ ਰਵਾਨਾ ਕੀਤੀ ਗਈ ਤਾਂ ਕਈ ਗੀਤਕਾਰਾਂ ਅਤੇ ਸਮਾਜ ਸੇਵੀਆਂ ਵਲੋਂ ਨਮ ਅੱਖਾਂ ਨਾਲ ਵਿਦਾਈ ਦਿੱਤੀ। ਕਿਸਾਨ ਸ਼ਮਸ਼ੇਰ ਸਿੰਘ ਬ੍ਰਿਟਿਸ਼ ਸਿੱਖ ਕੌਂਸਲ ਚ ਵਲੰਟੀਅਰ ਵਜੋਂ ਵੀ ਕਾਫ਼ੀ ਦਿਨਾਂ ਤੋਂ ਸੇਵਾ ਨਿਭਾ ਰਿਹਾ ਸੀ।