ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਫੈਲਣ ਤੋਂ ਰੋਕਣ ਲਈ 7 ਜਨਵਰੀ ਤੱਕ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਅਸਥਾਈ ਤੌਰ’ ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਪਿਛਲੇ ਹਫਤੇ ਭਾਰਤ ਤੇ ਬ੍ਰਿਟੇਨ ਵਿਚਾਲੇ 23 ਤੋਂ 31 ਦਸੰਬਰ ਤੱਕ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਸੀ, ਇਸ ਰੋਕ ਨੂੰ ਹੁਣ 7 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।
ਦੱਸ ਦਈਏ ਬ੍ਰਿਟੇਨ ‘ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਭਾਰਤ ‘ਚ ਦਸਤਕ ਦੇ ਦਿੱਤੀ ਹੈ ਤੇ ਹੁਣ ਤੱਕ 20 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਨੇ ਬੀਤੇ ਮੰਗਲਵਾਰ ਨੂੰ ਕਿਹਾ ਸੀ ਕਿ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਬ੍ਰਿਟੇਨ ਤੋਂ ਆਏ 6 ਲੋਕ ਕੋਰੋਨਾ ਦੇ ਨਵੇਂ ਰੂਪ ਤੋਂ ਸੰਕਰਮਿਤ ਪਾਏ ਗਏ ਹਨ, ਜਿਹਨਾਂ ਦੀ ਗਿਣਤੀ ਵੱਧ ਕੇ ਹੁਣ 20 ਹੋ ਗਈ ਹੈ। ਡੈਨਮਾਰਕ, ਨੀਦਰਲੈਂਡਜ਼, ਆਸਟਰੇਲੀਆ, ਇਟਲੀ, ਸਵੀਡਨ ਤੇ ਹੋਰ ਬਹੁਤ ਸਾਰੇ ਦੇਸ਼ਾਂ ‘ਚ ਨਵੇਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ।
ਇਸਤੋਂ ਇਲਾਵਾ ਇੰਡੀਅਨ ਪ੍ਰੋਫੈਸ਼ਨਲ ਪਾਇਲਟ ਐਸੋਸੀਏਸ਼ਨ ਨੇ ਏਅਰ ਇੰਡੀਆ ਦੇ ਡਾਇਰੈਕਟਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਰੂਪ ਸੰਬੰਧੀ ਜਾਣਕਾਰੀ ਮੰਗੀ ਹੈ। ਐਸੋਸੀਏਸ਼ਨ ਨੇ ਇੱਕ ਪੱਤਰ ‘ਚ ਕਿਹਾ ਹੈ ਕਿ ਕੰਪਨੀ ਨੂੰ ਪ੍ਰਯੋਗਸ਼ਾਲਾਵਾਂ ਤੋਂ ਜਾਣਕਾਰੀ ਇਕੱਠੀ ਕਰ ਸਾਰੇ ਪਾਇਲਟਾਂ ਨੂੰ ਖਤਰਨਾਕ ਕੋਰੋਨਾ ਵਾਇਰਸ ਬਾਰੇ ਸੂਚਿਤ ਕਰਨਾ ਚਾਹੀਦਾ ਹੈ।