ਅੰਮ੍ਰਿਤਸਰ: ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਸਿੱਖ ਧਾਰਮਿਕ ਚਿੰਨ੍ਹਾਂ ਵਾਲਾ ਸ਼ਾਲ ਲੈਣ ਕਾਰਨ ਵਿਵਾਦਾਂ ‘ਚ ਆ ਗਏ ਸਨ। ਜਿਸ ਤੋਂ ਬਾਅਦ ਅੱਜ ਸਿੱਧੂ ਨੇ ਟਵੀਟ ਕਰ ਕੇ ਮੁਆਫ਼ੀ ਮੰਗ ਲਈ ਹੈ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਕਰਦਿਆਂ ਲਿਖਿਆ, “ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ, ਜੇ ਮੈਂ ਅਣਜਾਣੇ ਵਿੱਚ ਇਕ ਵੀ ਸਿੱਖ ਦਾ ਦਿਲ ਦੁਖਾਇਆ ਹੈ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ। ਲੱਖਾਂ ਲੋਕ ਸਿੱਖਾਂ ਦੇ ਇਹ ਪਵਿੱਤਰ ਧਾਰਮਿਕ ਚਿੰਨ੍ਹਾਂ ਵਾਲੇ ਕਪੜੇ ਅਤੇ ਪਗੜੀਆਂ ਹੀ ਨਹੀਂ ਪਹਿਣਦੇ ਸਗੋਂ ਆਪਣੇ ਸਰੀਰਾਂ ‘ਤੇ ਇਨ੍ਹਾਂ ਦੇ ਟੈਟੂ ਵੀ ਖੁਣਵਾਉਂਦੇ ਹਨ। ਮੈਂ ਵੀ ਇਕ ਨਿਮਾਣੇ ਸਿੱਖ ਵਜੋਂ ਇਹ ਸ਼ਾਲ ਅਣਜਾਣੇ ਵਿੱਚ ਹੀ ਲਈ ਸੀ।
Shri Akal Takht Sahib is Supreme, If I have unknowingly hurt the sentiments of even One Sikh, I apologise !! … Millions wear the revered Symbols of Sikhism on there Turbans, Clothes and even carve Tattoos with Pride, I too as a humble Sikh wore the Shawl unintentionally 🙏🏼
— Navjot Singh Sidhu (@sherryontopp) December 30, 2020
ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਭਖ਼ਣ ਤੋਂ ਬਾਅਦ ਸ਼ਿਕਾਇਤਾਂ ਦੇ ਰੂਪ ਵਿੱਚ ਅਕਾਲ ਤਖ਼ਤ ਸਾਹਿਬ ‘ਤੇ ਵੀ ਪੁੱਜਾ ਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਿੱਧੂ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਕੁਝ ਪਿੰਡਾਂ ਵਿੱਚ ਆਪਣੀ ਫ਼ੇਰੀ ਦੌਰਾਨ ਨਵਜੋਤ ਸਿੱਧੂ ਨੇ ਸ਼ਾਲ ਲਿਆ ਹੋਇਆ ਸੀ। ਇਸ ਸੰਬੰਧੀ ਵੱਖ-ਵੱਖ ਤਸਵੀਰਾਂ ਅਤੇ ਇਹ ਸ਼ਾਲ ਲੈ ਕੇ ਲੋਕਾਂ ਨੂੰ ਮਿਲਦਿਆਂ ਦੀ ਵੀਡੀਓ ਸਿੱਧੂ ਨੇ ਖੁਦ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ ‘ਤੇ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆਏ ਸਨ।