ਦੇਹਰਾਦੂਨ – ਉੱਤਰਾਖੰਡ ‘ਚ ਦੇਰ ਰਾਤ ਮੌਸਮ ਨੇ ਆਪਣਾ ਰੰਗ ਬਦਲਿਆ ਜਿਸਦੇ ਚਲਦਿਆਂ ਪਹਾੜੀ ਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪੈਣ ਨਾਲ ਠੰਢ ਵੱਧ ਗਈ ਹੈ। ਰਾਜਧਾਨੀ ਦੇਹਰਾਦੂਨ ‘ਚ ਰਾਤ 11.30 ਵਜੇ ਮੀਂਹ ਪਿਆ ਜਦੋਂਕਿ ਮਸੂਰੀ ਤੇ ਧਨੌਲੀ ਦੇ ਪਹਾੜਾਂ ‘ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ।
ਇਸਤੋਂ ਇਲਾਵਾ ਉੱਤਰਕਾਸ਼ੀ ਜ਼ਿਲੇ ਦੇ ਯਮੁਨੋਤਰੀ ਹਾਈਵੇ ਤੇ ਆਸ ਪਾਸ ਦੇ ਖੇਤਰਾਂ ‘ਚ ਬਰਫਬਾਰੀ ਹੋਣ ਕਰਕੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਰਫ ਜੰਮਣ ਨਾਲ ਵਾਹਨ ਫਿਸਲਣ ਦਾ ਡਰ ਵੀ ਹੈ। ਨਾਲ ਹੀ ਬਰਫਬਾਰੀ ਹੋਣ ਕਰਕੇ ਜਾਮ ਲੱਗਣ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ।
ਦੱਸ ਦੇਈਏ ਮੌਸਮ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪਹਾੜੀ ਇਲਾਕਿਆਂ ਦੀਆਂ ਸੜਕਾਂ ਬਰਫਬਾਰੀ ਕਰਕੇ ਰੁਕ ਸਕਦੀਆਂ ਹਨ, ਇਸ ਲਈ ਸਥਾਨਕ ਅਧਿਕਾਰੀਆਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ।