ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਪੀਲ ਰੀਜਨਲ ਪੁਲਿਸ ਨੇ 12 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ‘ਤੇ 2 ਨੌਜਵਾਨਾਂ ‘ਤੇ ਤਲਵਾਰਾਂ ਅਤੇ ਬੈਟ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੀ 14 ਦਸੰਬਰ ਨੂੰ ਰਾਤ ਲਗਭਗ 1 ਵਜੇ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਰੂਥ ਐਵੇਨਿਊ ਖੇਤਰ ‘ਚ ਦੋ ਨੌਜਵਾਨ ਪੈਦਲ ਜਾ ਰਹੇ ਸਨ। ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ‘ਤੇ 10-12 ਵਿਅਕਤੀਆਂ ਨੇ ਬੈਟ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਇਹ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਇਨਾਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਰੈਂਪਟਨ ਦੇ 12 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨਾਂ ਦੀ ਪਛਾਣ 27 ਸਾਲਾ ਨਰਿੰਦਰ ਸਿੰਘ, 22 ਸਾਲਾ ਕਿਰਨਦੀਪ ਸਿੰਘ, 22 ਸਾਲਾ ਬਲਜੀਤ ਭੱਟਾ, 22 ਸਾਲਾ ਹਰਮਨਪ੍ਰੀਤ ਸਿੰਘ, 22 ਸਾਲਾ ਬਲਦੀਪ ਮਾਂਗਟ, 20 ਸਾਲਾ ਅਰਮਾਨਦੀਪ ਗਰੇਵਾਲ, 23 ਸਾਲਾ ਸੁਨੀਲ ਕੁਮਾਰ, 22 ਸਾਲਾ ਹਰਜੋਤ ਢਿੱਲੋਂ, 21 ਸਾਲਾ ਪ੍ਰਭਜੋਤ ਸਿੰਘ, 21 ਸਾਲਾ ਨਿਸ਼ਜੋਤ ਸਿੰਘ, 21 ਸਾਲਾ ਦਿਲਪ੍ਰੀਤ ਸਿੱਧੂ ਅਤੇ 22 ਸਾਲਾ ਗੁਰਬੀਰ ਢਿੱਲੋਂ ਵਜੋਂ ਹੋਈ।
ਹਾਲਾਂਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ 12 ਪੰਜਾਬੀਆਂ ਨੂੰ ਪੁਲਿਸ ਨੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਅਤੇ ਹੁਣ ਇਨਾਂ ਨੂੰ ਬਰੈਂਪਟਨ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਦੀ ਤਰੀਖ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਸੂਚਨਾ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ।