ਸ਼ਹੀਦੀ ਜੋੜ ਮੇਲੇ `ਚ ਇਸਤਰੀ ਕਾਨਫਰੰਸ ਰਾਹੀਂ ਅਕਾਲੀ ਦਲ (ਬਾਦਲ) ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਐਸਜੀਪੀਸੀ ਮੈਂਬਰਾਂ ਨੇ ਕੀਤੀ ਨਿੰਦਿਆ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਇਸਤਰੀ ਸਟਾਫ਼ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਇਸਤਰੀ ਕਾਨਫਰੰਸ ਵਿੱਚ ਸੱਦਣ `ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਲਾਹਾ ਦੇਣ ਦਾ ਵਿਰੋਧ ਕਰਦਿਆਂ ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਮਲਕੀਤ ਸਿੰਘ ਚੰਗਾਲ, ਜੈਪਾਲ ਸਿੰਘ ਮੰਡੀਆਂ, ਹਰਦੇਵ ਸਿੰਘ ਰੋਗਲਾ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਅਤੇ ਰਾਮਪਾਲ ਸਿੰਘ ਬਹਿਣੀਵਾਲ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਇਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਿੱਠੂ ਸਿੰਘ ਕਾਹਨੇਕੇ ਅਤੇ ਉਨ੍ਹਾ ਦੇ ਸਾਥੀ ਮੈਂਬਰਾਂ ਨੇ ਕਿਹਾ ਕਿ ਇਸ ਵਾਰ ਸ਼ਹੀਦੀ ਜੋੜ ਮੇਲੇ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਸਿਆਸੀ ਰੈਲੀਆਂ `ਤੇ ਪੂਰੀ ਤਰਾਂ ਪਾਬੰਦੀ ਲਗਾਈ ਗਈ ਹੈ, ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿਆਸੀ ਲਾਹਾ ਲੈਣ ਲਈ ਇਸਦਾ ਵੀ ਤੋੜ ਲੱਭ ਲਿਆ ਹੈ ਅਤੇ ਅਕਾਲੀ ਦਲ (ਬਾਦਲ) ਹੁਣ ਧਰਮ ਦੀ ਆੜ ਵਿੱਚ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ।

ਉਨ੍ਹਾ ਕਿਹਾ ਕਿ ਬੀਬੀ ਜਗੀਰ ਕੌਰ ਜਿਥੇ ਸਿਆਸੀ ਪਾਰਟੀ ਇਸਤਰੀ ਅਕਾਲੀ ਦਲ (ਬਾਦਲ) ਦੀ ਪ੍ਰਧਾਨ ਹਨ, ਉਥੇ ਹੀ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਪ੍ਰਧਾਨ ਹਨ। ਅਜਿਹੇ ਵਿੱਚ ਉਹ ਐਸਜੀਪੀ ਦੇ ਆਹੁਦੇ ਦੀ ਗਲਤ ਵਰਤੋਂ ਕਰਕੇ ਇਸਤਰੀ ਕਾਨਫਰੰਸ ਵਿੱਚ ਐਸਜੀਪੀਸੀ ਦੇ ਅਧੀਨ ਚੱਲਣ ਵਾਲੇ ਵਿੱਿਦਅਕ ਅਦਾਰਿਆਂ ਦੇ ਇਸਤਰੀ ਸਟਾਫ਼ ਦੀ ਸ਼ਮੂਲੀਅਤ ਕਰਵਾ ਰਹੇ ਹਨ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਫਾਇਦਾ ਪਹੁੰਚਾਇਆ ਜਾ ਸਕੇ। ਕਾਹਨੇਕੇ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਬਾਦਲਾਂ ਦਾ ਕਬਜਾ ਹੈ ਅਤੇ ਉਨ੍ਹਾਂ ਨੇ ਹੀ ਬੀਬੀ ਜਗੀਰ ਕੌਰ ਨੂੰ ਸਿਆਸੀ ਲਾਹਾ ਲੈਣ ਲਈ ਮੁੜ ਪ੍ਰਧਾਨ ਬਣਾਇਆ ਹੈ। ਐਸਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ ਨੇ ਕਿਹਾ ਕਿ ਕਿਉਂਕਿ ਸ਼ਹੀਦੀ ਜੋੜ ਮੇਲੇ ਵਿੱਚ ਇਸ ਵਾਰ ਸਿਆਸੀ ਸਰਗਰਮੀਆਂ ਨਹੀ ਕੀਤੀਆਂ ਜਾ ਸਕਦੀਆਂ।

ਇਸ ਕਰਕੇ ਬੀਬੀ ਜਗੀਰ ਕੌਰ ਆਪਣੇ ਐਸਜੀਪੀਸੀ ਦੇ ਆਹੁਦੇ ਦੀ ਗਲਤ ਵਰਤੋਂ ਕਰਕੇ ਇਸਤਰੀ ਕਾਨਫਰੰਸ ਨੂੰ ਧਾਰਮਿਕ ਚੌਲਾ ਪਵਾਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਮੈਬਰਾਂ ਨੇ ਕਿਹਾ ਕਿ ਅਜਿਹੇ ਵਿੱਚ ਬੀਬੀ ਜਗੀਰ ਕੌਰ ਨੂੰ ਸਿਆਸੀ ਜਾਂ ਧਰਮਿਕ ਤੌਰ `ਤੇ ਇਕ ਹੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਧਰਮ ਵਿੱਚ ਸਿਆਸੀ ਦਖ਼ਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਐਸਜੀਪੀਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸਤਰੀ ਕਾਨਫਰੰਸ ਕਰਵਾਉਣ ਜਾ ਰਿਹਾ ਹੈ। ਇਸ ਸਬੰਧ ਵਿੱਚ ਐਸਜੀਪੀਸੀ ਵਿੱਦਿਅਕ ਅਦਾਰਿਆਂ ਦੇ ਡਾਇਰੈਕਟਰ ਐਜੁਕੇਸ਼ਨ ਤਜਿੰਦਰ ਕੌਰ ਧਾਲੀਵਾਲ ਨੇ ਪੱਤਰ ਲਿਖ ਕੇ ਅਪਣੇ ਪ੍ਰਬੰਧ ਅਧੀਨ ਚੱਲ ਰਹੇ ਸਮੂਹ ਵਿੱਦਿਅਕ ਅਦਾਰਿਆਂ ਦੇ ਮਹਿਲਾ ਪਿ੍ਰੰਸੀਪਲ/ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਮਿਤੀ 26 ਦਸੰਬਰ 2020 ਨੂੰ ਸਵੇਰੇ 10 ਵਜੇ ਦੀਵਾਨ ਟੋਡਰਮਲ ਹਾਲ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨੀਲੇ ਅਤੇ ਕੇਸਰੀ ਰੰਗ ਦੇ ਦੁਪੱਟੇ ਲੈਕੇ ਇਸਤਰੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ।

Share This Article
Leave a Comment