ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਵਿਸੇਸ਼ ਇਕੱਤਰਤਾ ਅਜ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਕੇਂਦਰ ਸਰਕਾਰ ਵਲੋਂ ਹੁਣੇ ਪਾਸ ਕੀਤੇ ਗਏ ਖੇਤੀ ਸੁਧਾਰ ਕਨੂੰਨਾਂ ਦੇ ਕਿਸਾਨੀ ਉਪਰ ਪੈਣ ਵਾਲੇ ਮਾਰੂ ਅਸਰਾਂ ਦੀ ਚਰਚਾ ਕੀਤੀ ਗਈ। ਸਮੂਹ ਅਧਿਕਾਰੀਆਂ ਵਲੋਂ ਕਿਸਾਨ ਅੰਦੋਲਨ ਨਾਲ ਸੁਹਿਰਦ ਏਕਤਾ ਪ੍ਰਗਟ ਕੀਤੀ ਗਈ। ਪਿਛਲੇ ਦਿਨਾਂ ਤੋਂ ਦਿੱਲੀ ਦੇ ਆਲੇ -ਦੁਆਲੇ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰਾਂ ਤੇ ਓਨਾਂ ਦੇ ਸ਼ਾਂਤਮਈ ਅੰਦੋਲਨ , ਕਿਸਾਨਾਂ ਦੇ ਜ਼ਬਤ, ਹੌਸਲਾ, ਚੜਦੀਕਲਾ, ਭਾਈਚਾਰਕ ਸਾਂਝ ਅਤੇ ਚਲ ਰਹੇ ਸ਼ਾਂਤੀਪੂਰਨ ਮੁਜਾਹਰੇ ਦੀ ਪ੍ਰਸ਼ੰਸਾ ਕੀਤੀ ਗਈ।
ਮੀਟਿੰਗ ਵਿੱਚ ਹੁਣ ਤੱਕ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹੋਏ ਸਾਬਕਾ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਨਿਯਮਾਂ ਅਧੀਨ ਬਣਦੀ ਵਿਤੀ ਸਹਾਇਤਾ ਫੌਰੀ ਦੇਣ ਦੀ ਅਪੀਲ ਵੀ ਕੀਤੀ। ਕਿਸਾਨ ਅੰਦੋਲਨ ਦੇ ਸ਼ਾਂਤਮਈ ਮਹੌਲ ਨੂੰ ਵਿਗਾੜਣ ਦੀ ਮਨਸ਼ਾ ਨਾਲ ਮੀਡੀਆ ਦੇ ਕੁਝ ਦਿਸ਼ਾਹੀਣ ਹਿਸੇ ਵਲੋਂ ਵਰਤੇ ਜਾ ਰਹੇ ਖਤਰਨਾਕ ਹਥ-ਕੰਡਿਆਂ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ।
ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਕਨੂੰਨਾਂ ਸਬੰਧੀ ਸਰਕਾਰ ਵਲੋਂ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਕਿਸਾਨ ਧਿਰਾਂ /ਜਥੇਬੰਦੀਆ ਨਾਲ ਵੇਲੇ ਸਿਰ ਸਲਾਹ-ਮਸ਼ਵਰਾ ਨਾ ਕਰਨ ਨੂੰ ਸਾਬਕਾ ਅਧਿਕਾਰੀਆਂ ਵਲੋਂ ਮੰਦ ਭਾਗਾ ਦੱਸਿਆ ਗਿਆ। ਉਨ੍ਹਾਂ ਮੀਟਿੰਗ ਵਿਚ ਇਸ ਗਲ ਦੀ ਚਿੰਤਾ ਪ੍ਰਗਟ ਕੀਤੀ ਕਿ ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਅਣਹੋਂਦ ਵਿਚ ਦਹਾਕਿਆਂ ਤੋਂ ਕਿਸਾਨਾਂ ਦੀ ਵਿਗੜ ਰਹੀ ਆਰਥਿਕ ਹਾਲਤ ਹੋਰ ਬਦ ਤੋਂ ਬਦਤਰ ਹੋ ਜਾਵੇਗੀ ਅਤੇ ਭਵਿੱਖ ਵਿਚ ਦੇਸ਼ ਵਿਚ ਅਨਾਜ ਦੇ ਥੁੜ ਪੈਣ ਦੀ ਸੰਭਾਵਨਾ ਵੀ ਪੈਦਾ ਹੋਵੇਗੀ।
ਮੀਟਿੰਗ ਵਿਚ ਸਾਬਕਾ ਅਧਿਕਾਰੀਆਂ ਵਲੋਂ ਕੇਂਦਰ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਖੇਤੀ ਨਾਲ ਸਬੰਧਤ ਤਿੰਨੋਂ ਕਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਕਿਸਾਨ ਜਥੇਬੰਦੀਆ ਨਾਲ ਗਲਬਾਤ ਕਰਨ ਉਪਰੰਤ ਇੰਨਾ ਨੂੰ ਨਵੇਂ ਰੂਪ ਵਿਚ ਪਾਸ ਕੀਤਾ ਜਾਵੇ।