ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਪੱਤਰਕਾਰ, ਲੇਖਕ ਅਤੇ ਮੁਲਾਜ਼ਮ ਜਥੇਬੰਦੀਆਂ ਨੇ ‘ਭਾਰਤ ਬੰਦ’ ਦੇ ਸੱਦੇ ’ਤੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ। ਇਹ ਰੋਸ ਪ੍ਰਦਰਸ਼ਨ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਇੰਡੀਅਨ ਐਕਸਪ੍ਰੈੱਸ ਐਂਪਲਾਈਜ਼ ਯੂਨੀਅਨ, ਯੂਐਨਆਈ ਐਂਪਲਾਈਜ਼ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ, ਪੰਜਾਬੀ ਪੱਤਰਕਾਰ ਲੇਖਕ ਮੰਚ, ਪੰਜਾਬ ਯੂਨੀਅਨ ਆਫ਼ ਜਰਨਲਿਸਟ, ਇੰਡੀਅਨ ਯੂਨੀਅਨ ਆਫ ਜਰਨਲਿਸਟ, ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੋਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਅਤੇ ਜਨਰਲ ਸਕੱਤਰ ਰੂਚੀਕਾ ਐਮ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਮਨਮਾਨੀਆਂ ਕਰਦਿਆਂ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਰਫੋਂ ਬਿਨਾਂ ਕਿਸੇ ਸਲਾਹ ਤੋਂ ਲਿਆਂਦੇ ਤਿੰਨੇ ਖੇਤੀ ਕਾਨੂੰਨ ਕਿਸਾਨੀ ਦੇ ਨਾਲੋਂ-ਨਾਲ ਹਰ ਖੇਤਰ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਕੰਵਲਜੀਤ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਅਡ਼ੀਅਲ ਰਵਈਆ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਵੇ।
ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗਡ਼੍ਹ ਦੇ ਸੁਖਚੈਨ ਸਿੰਘ ਖਹਿਰਾ, ਪੰਜਾਬੀ ਪੱਤਰਕਾਰ ਲੇਖਕ ਮੰਚ ਤੋਂ ਤਰਲੋਚਨ ਸਿੰਘ, ਸਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ, ਤੇਜਿੰਦਰ ਸਿੰਘ ਰਾਜੇਵਾਲ ਅਤੇ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਮਰਾਲਾ ਤੋਂ ਤੇਜਿੰਦਰ ਸਿੰਘ ਰਾਜੇਵਾਲ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ( Chd.Chapter) ਜੈ ਸਿੰਘ ਛਿੱਬੜ,ਇੰਡੀਅਨ ਐਕਸਪ੍ਰੈਸ ਐਂਪਲਾਈਜ਼ ਯੂਨੀਅਨ ਦੇ ਰਾਜ ਕੁਮਾਰ ਸ੍ਰੀਵਾਸਤਵ, ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ), ਪੰਜਾਬ ਕਿਸਾਨ ਯੂਨੀਅਨ ਤੋਂ ਕੰਵਲਜੀਤ ਸਿੰਘ, ਸੈਕਟਰ-17 ਟਰੈਡਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਕਾਲਡ਼ਾ, ਸੁਚੇਤਕ ਰੰਗ ਮੰਚ ਤੋਂ ਅਨਿਤਾ ਸਵਦੀਸ਼, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਪਰਮਹੰਸ ਰੁਮਾਣਾ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ, ਪੀਸੀਐੱਮਐੱਸ ਐਸੋਸੀਏਸ਼ਨ ਪੰਜਾਬ, ਕੇਂਦਰੀ ਪੰਜਾਬੀ ਲਿਖਾਰੀ ਸਭਾ ਪੰਜਾਬ, ਪੇਂਡੂ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ, ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਅਤੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇੰਗਲੈਂਡ ਵਸਦੇ ਲੇਖਕ ਪੱਤਰਕਾਰ ਤੇ ਪ੍ਰਕਾਸ਼ਕ ਐਸ ਬਲਵੰਤ ਨੇ ਕਿਸਾਨਾਂ ਵਲੋਂ ਦਿੱਤੇ ਬਾਹਰਤ ਬੰਦ ਦੇ ਸੱਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਦੁਖ ਹੁੰਦਾ ਹੈ ਜਦ ਅਸੀਂ ਵਿਦੇਸ਼ ਵਿਚ ਬੈਠੇ ਪੰਜਾਬੀ, ਭਾਰਤ ਵਿਚ ਰਹਿੰਦੇ ਕਿਸਾਨਾਂ ਦੀ ਹਾਲਤ ਬਾਰੇ ਪੜ੍ਹਦੇ ਸੁਣਦੇ ਹਾਂ। ਅਸੀਂ ਇੰਗਲੈਂਡ `ਚ ਵੱਸਦੇ ਪੰਜਾਬੀ ਲੇਖਕ ਹੋਣ ਦੇ ਨਾਤੇ ਮੋਜੂਦਾ ਮੋਦੀ ਸਰਕਾਰ ਵਲੋਂ ਬਣਾਏ ਕਾਲੇ ਕਾਨੂਨਾਂ ਦੀ ਪੁਰਜ਼ੋਰ ਨਿਖੇਧੀ ਕਰਦਾ ਹਾਂ ਤੇ ਮੰਗ ਕਰਦਾ ਹਾਂ ਕਿ ਮੌਜੂਦਾ ਸਰਕਾਰ ਇਹਨਾਂ ਨੂੰ ਵਾਪਿਸ ਲਵੇ ਤੇ ਕਿਸਾਨਾਂ ਦੀ ਰਜ਼ਾਮੰਦੀ ਨਾਲ ਨਵੇਂ ਕਾਨੂੰਨ ਬਣਾਵੇ, ਜਿਹਨਾਂ ਨਾਲ ਭਾਰਤ ਦਾ ਨਾਂ ਸਾਰੇ ਸੰਸਾਰ ਵਿਚ ਉਚਾ ਹੋ ਸਕੇ। ਖੇਤੀ ਦੁਨੀਆਂ ਦਾ ਸਭ ਤੋਂ ਪੁਰਾਣਾ ਕਿੱਤਾ ਹੈ ਤੇ ਖੇਤੀ ਕਰਨ ਵਾਲਾ ਕਿਸਾਨ ਸਭ ਇਨਸਾਨਾਂ ਦਾ ਅੰਨਦਾਤਾ ਅਤੇ ਕਿਸਾਨ ਹੀ ਸਭ ਤੋਂ ਪੁਰਾਣਾ ਮਜਦੂਰ. ਪੂਰੇ ਭਾਰਤ ਦੀ ਆਰਥਿਕਤਾ ਲਯੀ ਖੇਤੀ ਇਸ ਦੀ ਰੀੜ੍ਹ ਦੀ ਹੱਡੀ ਹੈ. ਇਸ ਅਸਲੀਅਤ ਨੁੰ ਮੋਹਰੀ ਰੱਖ ਕੇ ਇਸ ਦੀ ਰਾਖੀ ਕਰਨਾ ਸਰਕਾਰ ਦੀ ਮੁਖ ਜ਼ਿਮੇਦਾਰੀ ਹੈ।