ਚੰਡੀਗੜ੍ਹ, (ਅਵਤਾਰ ਸਿੰਘ): ਪੀ. ਏ. ਯੂ. ਕਿਸਾਨ ਕਲੱਬ (ਰਜਿ.) ਦਾ ਰਾਜ ਪੱਧਰੀ ਮਹੀਨਾਵਾਰ ਖੇਤੀ ਸਿਖਲਾਈ ਵੈਬੀਨਾਰ ਨਿਰਦੇਸ਼ਕ ਪਸਾਰ ਸਿੱਖਿਆ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਕਰਵਾਇਆ ਗਿਆ। ਇਸ ਸਿਖਲਾਈ ਕੈਂਪ ਵਿੱਚ 157 ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਆਨਲਾਈਨ ਸ਼ਾਮਿਲ ਹੋਏ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਖੀਵਾ ਨੇ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ, ਡਾ. ਸਲਵਿੰਦਰ ਸਿੰਘ ਧਾਲੀਵਾਲ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਮਿੱਟੀ ਦੀ ਜਾਂਚ ਅਤੇ ਭੂਮੀ ਦੀ ਸਿਹਤ ਬਰਕਰਾਰ ਰੱਖਣ ਬਾਰੇ, ਡਾ. ਅਮਰਜੀਤ ਸਿੰਘ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਦੀ ਰੋਕਥਾਮ ਵਿਸ਼ਿਆਂ ਉੱਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ਼੍ਰੀ ਅਮਰਿੰਦਰ ਸਿੰਘ ਪੂਨੀਆ, ਪ੍ਰਧਾਨ, ਪੀ. ਏ. ਯੂ. ਕਿਸਾਨ ਕਲੱਬ (ਰਜਿ.) ਨੇ ਪਰਾਲੀ ਦੀ ਸਾਂਭ ਸੰਭਾਲ ਲਈ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵਾਰਤਾ ਕਰਕੇ ਲਾਹੇਵੰਦ ਜਾਣਕਾਰੀ ਪ੍ਰਾਪਤ ਕਰਨ ਲਈ ਜੋਰ ਦਿੱਤਾ ਅਤੇ ਕਲੱਬ ਦੀ ਮੈਂਬਰਸ਼ਿਪ ਲੈਣ ਲਈ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਡਾ. ਰੁਪਿੰਦਰ ਕੌਰ ਨੇ ਪੀ.ਏ.ਯੂ. ਕਿਸਾਨ ਕਲੱਬ (ਰਜਿ.) (ਲੇਡੀਜ਼ ਵਿੰਗ) ਦੀਆਂ ਗਤੀਵਿਧੀਆਂ ਬਾਰੇ, ਡਾ. ਅਰਸ਼ਦੀਪ ਸਿੰਘ ਨੇ ਗਾਜਰ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥ ਅਤੇ ਆਂਵਲਾ ਕੈਂਡੀ ਤਿਆਰ ਕਰਨ ਬਾਰੇ, ਸਫ਼ਲ ਉੱਦਮੀ (ਪਾਬੀ ਇੰਕੂਬਿਟੀ) ਸ਼੍ਰੀਮਤੀ ਹਰਪ੍ਰੀਤ ਕੌਰ ਨੇ ਸਫ਼ਲ ਉੱਦਮੀ ਬਨਣ ਲਈ ਰਾਹ ਵਿੱਚ ਆਏ ਉਤਾਰ-ਚੜਾਅ ਅਤੇ ਆਪਣੇ ਤਜ਼ਰਬਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਸ਼੍ਰੀ ਰਵਿੰਦਰ ਭਲੂਰੀਆ ਨੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ।