ਹਰਿਆਣਾ: ਇਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਹੈ ਕਿ ਇਹ ਉਨ੍ਹਾਂ ਦੇ ਸੂਬੇ ਦੇ ਕਿਸਾਨ ਨਹੀਂ ਹਨ, ਵਿਰੋਧ ਪ੍ਰਦਰਸ਼ਨਾਂ ਲਈ ਪੰਜਾਬ ਜ਼ਿੰਮੇਵਾਰ ਹੈ। ਖੱਟਰ ਨੇ ਹਰਿਆਣਾ ਪੁਲਿਸ ਨੂੰ ਸ਼ਾਂਤ ਰਹਿਣ ਲਈ ਧੰਨਵਾਦ ਕੀਤਾ ਹੈ, ਹਾਲਾਂਕਿ ਹਰਿਆਣਾ ਪੁਲਿਸ ‘ਤੇ ਕਿਸਾਨਾਂ ਉੱਪਰ ਲਾਠੀਚਾਰਜ ਕਰਨ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ।
ਹਰਿਆਣਾ ਦੇ ਸੀਐਮ ਖੱਟਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਫ਼ਤਰ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਿਹਾ ਹੈ। ਖੱਟਰ ਨੇ ਕਿਹਾ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਹਰਿਆਣੇ ਦੇ ਕਿਸਾਨ ਇਸ ਤੋਂ ਦੂਰ ਰਹੇ ਹਨ ਇਸ ਲਈ ਉਨ੍ਹਾਂ ਦਾ ਬਹੁਤ ਧੰਨਵਾਦ, ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੇ ਹਨ।
ਕਿਸਾਨ ਖੇਤੀਬਾੜੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਪੰਜਾਬ ਅਤੇ ਹਰਿਆਣਾ ਤੋਂ ਹੁੰਦੇ ਹੋਏ ਹਜ਼ਾਰਾਂ ਕਿਸਾਨਾਂ ਨੇ ਕੂਚ ਕੀਤਾ ਸੀ, ਪਰ ਉਨ੍ਹਾਂ ਨੂੰ ਥਾਂ-ਥਾਂ ਤੇ ਰੋਕਿਆ ਗਿਆ। ਦੋ ਦਿਨ ਤੱਕ ਚੱਲੇ ਟਕਰਾਅ ਤੋਂ ਬਾਅਦ 27 ਨਵੰਬਰ ਦੀ ਸ਼ਾਮ ਨੂੰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਹੈ।