ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਤੋਂ ਕੁਝ ਹੀ ਕਿਲੋਮੀਟਰ ਦੂਰ ਜ਼ਿਲਾ ਮੋਹਾਲੀ ਅਧੀਨ ਪੈਂਦੇ ਡੇਰਾਬੱਸੀ ‘ਚ ਜ਼ਬਰਦਸਤ ਹਾਦਸਾ ਵਾਪਰ ਗਿਆ। ਇਹ ਹਾਦਸਾ ਇਕ ਤੇਲ ਟੈਂਕਰ ‘ਚ ਧਮਾਕਾ ਹੋਣ ਕਾਰਨ ਵਾਪਰਿਆ। ਇਸ ਵਿੱਚ ਤਿੰਨ ਵਿਅਕਤੀਆਂ ਦੇ ਹਲਾਕ ਹੋ ਜਾਣ ਬਾਰੇ ਪਤਾ ਲਗਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਹਾਦਸਾ ਵਾਪਰਨ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਜੜ ਪੈ ਗਈ। ਇਸ ਤੋਂ ਬਾਅਦ ਲੋਕਾਂ ‘ਚ ਇਸ ਘਟਨਾ ਨਾਲ ਦਹਿਸ਼ਤ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਨੇੜਲੇ ਪਿੰਡਾਂ ਵਿੱਚ ਦੂਰ ਦੂਰ ਤਕ ਸੁਣਾਈ ਦਿੱਤੀ। ਧਮਾਕਾ ਸਟੀਲ ਟੈਂਕਰ ‘ਚ ਹੋਇਆ। ਸੂਤਰਾਂ ਮੁਤਾਬਿਕ ਢਾਬੇ ਨੇੜੇ ਖੜ੍ਹੇ ਟੈਂਕਰ ‘ਚੋਂ ਤੇਲ ਚੋਰੀ ਕਰਦਿਆਂ ਹਾਦਸਾ ਵਾਪਰਿਆ। ਘਟਨਾ ਸਥਾਨ ਉਪਰ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਧਮਾਕੇ ਨਾਲ ਢਾਬੇ ਨੂੰ ਵੀ ਨੁਕਸਾਨ ਪਹੁੰਚਿਆ ਦੱਸਿਆ ਜਾਂਦਾ ਹੈ। ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਜਸਵਿੰਦਰ ਸਿੰਘ, ਬਬਲੂ ਅਤੇ ਵਿਕਰਮ ਵਜੋਂ ਹੋਈ ਹੈ। ਮ੍ਰਿਤਕਾਂ ਦੀ ਉਮਰ 35, 20 ਅਤੇ 24 ਸਾਲ ਦੇ ਕਰੀਬ ਦੱਸੀ ਗਈ ਹੈ। ਇਹ ਧਮਾਕਾ ਡੇਰਾ ਬਸੀ ਤੋਂ ਥੋੜ੍ਹੀ ਦੂਰ ਮੁਬਾਰਕਪੁਰ ਨੇੜੇ ਪਿੰਡ ਸਰਸੇਨੀ ‘ਚ ਸੜਕ ਕਿਨਾਰੇ ਸਥਿਤ ਰਾਮਾ ਢਾਬੇ ਨੇੜੇ ਹੋਇਆ।