ਸਰਦਾਰ ਵੱਲਭ ਭਾਈ ਪਟੇਲ – ਸਮਾਨਤਾ, ਨਿਆਂ, ਭਾਈਚਾਰਾ ਤੇ ਆਜ਼ਾਦੀ ਦਾ ਸੰਦੇਸ਼ ਦੇਣ ਵਾਲੇ ਇੱਕ ਤੀਖਣ ਦੂਤ

TeamGlobalPunjab
10 Min Read

-ਰਾਜੀਵ ਰੰਜਨ ਰਾਏ

ਭਾਰਤ ਰਤਨ ਸਰਦਾਰ ਵੱਲਭਭਾਈ ਪਟੇਲ ਇੱਕ ਲਚਕਦਾਰ ਤੇ ਸਮਾਵੇਸ਼ੀ ਭਾਰਤ ਦੀ ਉਸਾਰੀ ਲਈ ਇੱਕ ਮਿਸਾਲ ਸਨ। ਜਿਵੇਂ ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦੁਆਰਾ ਸਾਨੂੰ ਅਜਿਹਾ ਸੰਵਿਧਾਨ ਦੇਣ ਦੇ ਮਹਾਨ ਯੋਗਦਾਨ ਨੂੰ ਕਦੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਸਾਡੇ ਵਿਚਲੇ ਸਭ ਤੋਂ ਵੱਧ ਕਮਜ਼ੋਰਾਂ ਨੂੰ ਮਾਣਮੱਤੇ ਜੀਵਨ ਦੀ ਆਸ ਦੀ ਗਰੰਟੀ ਦਿੰਦਾ ਹੈ; ਤਿਵੇਂ ਹੀ ਸਰਦਾਰ ਪਟੇਲ ਨੇ ਵੀ ਭਾਰਤ ਦੀ ਅਜਿਹੀ ਨੀਂਹ ਵਿਛਾਉਣ ’ਚ ਓਨੀ ਹੀ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਵਿੱਚ ਜਾਤ ਤੇ ਧਰਮ ਦੇ ਆਧਾਰ ਉੱਤੇ ਕਿਸੇ ਨੂੰ ਬਾਹਰ ਰੱਖਣ ਤੇ ਵਿਤਕਰਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਜੋ ਸਦਾ ਭਾਰਤੀ ਲੋਕਾਚਾਰ ਤੇ ਕਦਰਾਂ ਕੀਮਤਾਂ ਲਈ ਥੰਮ੍ਹ ਬਣੀ ਰਹੇਗੀ। ਇੱਕ ਅਜਿਹੇ ਨਵ-ਭਾਰਤ, ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਸਾਡੀਆਂ ਇਮਾਨਦਾਰਾਨਾ ਕੋਸ਼ਿਸ਼ਾਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿੱਥੇ 135 ਕਰੋੜ ਦੀ ਆਬਾਦੀ ਵਾਲੇ ਇਸ ਮਹਾਨ ਦੇਸ਼ ਵਿੱਚ ਇੱਕ ਨਾਗਰਿਕ ਦੇ ਅੱਥਰੂ ਪੂੰਝਣ ਲਈ ਇੱਕੋ ਵੇਲੇ ਲੱਖਾਂ ਹੱਥ ਅੱਗੇ ਆ ਜਾਂਦੇ ਹਨ। ਅਜਿਹਾ ਸ਼ਾਨਦਾਰ ਸੁਪਨਾ 31 ਅਕਤੂਬਰ, 1875 ਨੂੰ ਪੈਦਾ ਹੋਏ ਵੱਲਭਭਾਈ ਪਟੇਲ ਨੇ ਦੇਖਿਆ ਸੀ। ਸਰਦਾਰ ਪਟੇਲ ਨੇ ਨਾਡੀਆਡ ਹਾਈ ਸਕੂਲ ਤੇ ਮਿਡਲ ਟੈਂਪਲ, ਲੰਦਨ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਜਾਤ-ਪਾਤ ਉੱਤੇ ਅਧਾਰਿਤ ਪੱਖਪਾਤਾਂ ਤੇ ਵਿਤਕਰਿਆਂ ਦੀ ਬਹੁਤਾਤ ਵਾਲੇ ਭਾਰਤ ਦੀ ਗੁੰਝਲਦਾਰ ਸਮਾਜਿਕ ਬਣਤਰ ਦੀਆਂ ਗੁੰਝਲਾਂ ਨੂੰ ਦ੍ਰਿਸ਼ਟਮਾਨ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ ਸੀ, ਇਸੇ ਲਈ ਉਨ੍ਹਾਂ ਨੇ ਸਾਰੇ ਨਾਗਰਿਕਾਂ ਦੀ ਸ਼ਾਂਤੀਪੂਰਨ ਸਹਿਹੋਂਦ ਯਕੀਨੀ ਬਣਾਉਣ ਲਈ ਪਹਿਲਾਂ ਹੀ ਸਾਵਧਾਨੀ ਵਾਲੇ ਸਾਰੇ ਕਦਮ ਚੁੱਕ ਲਏ ਸਨ।

ਸਦਾ ਭਾਰਤੀ ਸੰਵਿਧਾਨ ਦੇ ਚਾਰ ਬੁਨਿਆਦੀ ਤੱਤਾਂ – ਸਮਾਨਤਾ, ਨਿਆਂ, ਭਾਈਚਾਰਾ ਤੇ ਆਜ਼ਾਦੀ ਦਾ ਸੰਦੇਸ਼ ਦੇਣ ਵਾਲੇ ਇੱਕ ਤੀਖਣ ਦੂਤ ਸਰਦਾਰ ਪਟੇਲ ਦੀ ਸ਼ਖ਼ਸੀਅਤ ਦ੍ਰਿੜ੍ਹ–ਇਰਾਦੇ, ਦੂਰ–ਦ੍ਰਿਸ਼ਟੀ ਤੇ ਦ੍ਰਿੜ੍ਹ ਫ਼ੈਸਲੇ ਲੈਣ ਦੀ ਯੋਗਤਾ ਨਾਲ ਭਰਪੂਰ ਸੀ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਇਨ੍ਹਾਂ ਗੁਣਾਂ ਸਦਕਾ ਹੀ ਬਿਲਕੁਲ ਸਹੀ ਖ਼ਿਤਾਬ ‘ਲੌਹ–ਪੁਰਸ਼’ ਮਿਲਿਆ ਸੀ, ਜਿਨ੍ਹਾਂ ਨੇ ਸੈਂਕੜੇ ਰਿਆਸਤਾਂ ਨੂੰ ਭਾਰਤ ਸੰਘ ਨਾਲ ਫ਼ੈਸਲਾਕੁੰਨ ਤਰੀਕੇ ਮਿਲਾਉਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ, ਇਸ ਨੂੰ ਇੱਕ ਰਾਜਨੀਤੀਵਾਨ ਦੇ ਇੱਕ ਬੇਮਿਸਾਲ ਕਾਰਜ ਵਜੋਂ ਸਦਾ ਚੇਤੇ ਕੀਤਾ ਜਾਂਦਾ ਰਹੇਗਾ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਅਜਿਹੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਦੇ ਵਿਚਾਰਾਂ ਮੁਤਾਬਕ ਭਾਰਤ ਸਿਰਫ਼ ਤਾਕਤ ਹਾਸਲ ਕਰਨ ਵਾਲਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਦੇਸ਼ ਦੀ ਜਨਤਾ ਨੂੰ ਸਮੂਹਕ ਰੂਪ ਵਿੱਚ ਸਸ਼ਕਤ ਬਣਾਉਣ ਵਾਲਾ ਵੀ ਹੋਣਾ ਚਾਹੀਦਾ ਹੈ, ਇੰਝ ਸਾਡਾ ਸੰਵਿਧਾਨ ਤਿਆਰ ਕਰਨ ਵਿੱਚ ਉਨ੍ਹਾਂ ਦੀ ਵਰਨਣਯੋਗ ਭੂਮਿਕਾ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ‘ਸੰਵਿਧਾਨ ਸਭਾ’ ਦੁਆਰਾ 24 ਜਨਵਰੀ, 1947 ਨੂੰ ਕਾਇਮ ਕੀਤੀ ਗਈ ਸਲਾਹਕਾਰ ਕਮੇਟੀ ਦੇ ਮੁਖੀ ਵਜੋਂ ਉਨ੍ਹਾਂ ਬੁਨਿਆਦੀ ਅਧਿਕਾਰਾਂ ਤੇ ਘੱਟ–ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਬਾਰੇ ਇੱਕ ਅੰਤ੍ਰਿਮ ਰਿਪੋਰਟ ਪੇਸ਼ ਕਰਨੀ ਸੀ। ਸਰਦਾਰ ਪਟੇਲ ਨੇ ਛੂਆਛੂਤ ਦਾ ਖ਼ਾਤਮਾ ਕਰਨ, ਵਿਤਕਰੇ ਤੋਂ ਸੁਰੱਖਿਆ ਯਕੀਨੀ ਬਣਾਉਣ, ਸਮਾਨਤਾ ਦੀ ਭਾਵਨਾ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ – ਇਹੋ ਸਾਡੇ ਸੰਵਿਧਾਨ ਦੇ ਕੁਝ ਪ੍ਰਮੁੱਖ ਮਾਪਦੰਡ ਹਨ।

ਸੰਨ 1931 ’ਚ ਕਰਾਚੀ ਸੈਸ਼ਨ ਦੌਰਾਨ ‘ਇੰਡੀਅਨ ਨੈਸ਼ਨਲ ਕਾਂਗਰਸ’ (ਆਈਐੱਨਸੀ) ਦੇ ਪ੍ਰਧਾਨ ਚੁਣੇ ਗਏ ਸਨ ਤੇ ਉੱਥੇ ਇਤਿਹਾਸਿਕ ਕਰਾਚੀ ਮਤਾ ਪਾਸ ਕਰ ਕੇ ਭਾਰਤ ਦੇ ਇੱਕ ਰਾਸ਼ਟਰ ਵਜੋਂ ਦਿਸ਼ਾ ਤੇ ਫ਼ਲਸਫ਼ੇ ਬਾਰੇ ਫ਼ੈਸਲਾ ਲਿਆ ਗਿਆ ਸੀ। ਕਰਾਚੀ ਦੇ ਮਤੇ ਜਨਤਾ ਦੇ ਸ਼ੋਸ਼ਣ ਦਾ ਅੰਤ ਕਰਨ, ਸਿਆਸੀ ਆਜ਼ਾਦੀ ਯਕੀਨੀ ਬਣਾਉਣ, ਕਿਸੇ ਨਾਲ ਜੁੜਨ ਤੇ ਸੁਮੇਲ ਕਾਇਮ ਕਰਨ ਦੀ ਆਜ਼ਾਦੀ, ਬੋਲਣ ਤੇ ਪ੍ਰੈੱਸ ਦੀ ਆਜ਼ਾਦੀ, ਜ਼ਮੀਰ, ਕੋਈ ਵੀ ਕਿੱਤਾ ਅਪਣਾਉਣ ਤੇ ਧਰਮ ਮੰਨਣ ਦੀ ਆਜ਼ਾਦੀ ਦੇ ਬੁਨਿਆਦੀ ਅਧਿਕਾਰਾਂ ਦੀ ਗੱਲ ਕਰਦੇ ਹਨ, ਜਨ–ਵਿਵਸਥਾ ਤੇ ਨੈਤਿਕਤਾ, ਸਾਰੇ ਨਾਗਰਿਕਾਂ ਦੇ ਸਮਾਨ ਅਧਿਕਾਰਾਂ ਤੇ ਜ਼ਿੰਮੇਵਾਰੀਆਂ, ਸਾਰੇ ਨਾਗਰਿਕਾਂ ਦੀ ਜਨਤਕ ਸੜਕਾਂ, ਜਨਤਕ ਖੂਹਾਂ ਤੇ ਸਾਰੇ ਜਨਤਕ ਸਥਾਨਾਂ ਤੱਕ ਪਹੁੰਚ, ਦੇਸ਼/ਸਰਕਾਰ ਦੀ ਧਾਰਮਿਕ ਨਿਰਪੱਖਤਾ, ਮਜ਼ਦੂਰਾਂ ਦਾ ਗ਼ੁਲਾਮੀ ਜਾਂ ਗ਼ੁਲਾਮੀ ਵਰਗੇ ਹਾਲਾਤ ਤੋਂ ਖਹਿੜਾ ਛੁਡਾਉਣ, ਮਹਿਲਾ ਕਰਮਚਾਰੀਆਂ ਦੀ ਸੁਰੱਖਿਆ, ਖ਼ਾਸ ਤੌਰ ’ਤੇ ਜਣੇਪੇ ਦੇ ਸਮੇਂ ਦੌਰਾਨ ਛੁੱਟੀ ਦੀਆਂ ਉਚਿਤ ਵਿਵਸਥਾ ਦਿਵਾਉਣ, ਫ਼ੈਕਟਰੀਆਂ ਵਿੱਚ ਸਕੂਲੀ ਉਮਰ ਵਾਲੇ ਬੱਚਿਆਂ ਦੇ ਕੰਮ ਕਰਨ ਉੱਤੇ ਪਾਬੰਦੀ ਲਾਉਣ, ਮੁਫ਼ਤ ਪ੍ਰਾਇਮਰੀ ਸਿੱਖਿਆ ਦੇ ਨਾਲ–ਨਾਲ ਅਜਿਹੀਆਂ ਹੋਰ ਬਹੁਤ ਸਾਰੀਆਂ ਗੱਲ ਕਰਦੇ ਹਨ।

ਅੱਜ ਜਦੋਂ ਅਸੀਂ ਚੰਗੇ ਸ਼ਾਸਨ ਤੇ ਅਫ਼ਸਰਸ਼ਾਹੀ ਦੀ ਵਧੀਆ ਢੰਗ ਨਾਲ ਵਰਤੋਂ ਦੁਆਰਾ ਇੱਕ ਰਾਸ਼ਟਰ ਵਜੋਂ ਭਾਰਤ ਦਾ ਕਾਇਆਕਲਪ ਕਰ ਕੇ ਇਸ ਨੂੰ ਇੱਕ ‘ਆਤਮਨਿਰਭਰ ਭਾਰਤ’ ਬਣਾਉਣ ਦੇ ਯਤਨ ਕਰਦੇ ਹਾਂ, ਤਾਂ ਸਾਨੂੰ ਸਦਾ ਸਰਦਾਰ ਪਟੇਲ ਦਾ ਇਹ ਪ੍ਰਸਿੱਧ ਕਥਨ ਚੇਤੇ ਆਉਂਦਾ ਹੈ – ‘ਭਾਰਤ ਦਾ ਇਸਪਾਤ ਢਾਂਚਾ’। ਹਰੇਕ ਸਾਲ ਭਾਰਤ ਸਰਕਾਰ 21 ਅਪ੍ਰੈਲ ਨੂੰ ‘ਸਿਵਲ ਸਰਵਿਸਜ਼ ਦਿਵਸ’ ਮਨਾਉਂਦੀ ਹੈ, ਜੋ ਜਨ–ਸੇਵਕਾਂ ਲਈ ਖ਼ੁਦ ਨੂੰ ਨਾਗਰਿਕਾਂ ਦੀ ਭਲਾਈ ਲਈ ਮੁੜ–ਸਮਰਪਿਤ ਕਰਨ ਤੇ ਜਨ–ਸੇਵਾ ਵਿੱਚ ਆਪਣੀਆਂ ਪ੍ਰਤੀਬੱਧਤਾਵਾਂ ਨਵਿਆਉਣ ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਦਾ ਇੱਕ ਮੌਕਾ ਹੁੰਦਾ ਹੈ। ਇਹ ਤਰੀਕ ਦਰਅਸਲ, ਉਸ ਦਿਨ ਨੂੰ ਚੇਤੇ ਕਰਨ ਲਈ ਚੁਣੀ ਗਈ ਹੈ, ਜਦੋਂ ਸਰਦਾਰ ਪਟੇਲ ਨੇ 1947 ’ਚ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵਜੋਂ ਦਿੱਲੀ ਦੇ ਮੈਟਕਾਫ਼ ਹਾਊਸ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਦੇ ਪ੍ਰੋਬੇਸ਼ਨਰੀਆਂ ਨੂੰ ਸੰਬੋਧਨ ਕੀਤਾ ਸੀ, ਜਿੱਥੇ ਉਨ੍ਹਾਂ ਨੇ ਜਨ–ਸੇਵਕਾਂ ਨੂੰ ‘ਭਾਰਤ ਦਾ ਇਸਪਾਤ ਢਾਂਚਾ’ ਕਰਾਰ ਦਿੱਤਾ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸ਼ਬਦਾਂ ਵਿੱਚ, ਸਰਦਾਰ ਪਟੇਲ ‘ਸਾਡੇ ਪ੍ਰਸ਼ਾਸਕੀ ਢਾਂਚੇ ਨੂੰ ਆਪਣੀ ਦੂਰ–ਦ੍ਰਿਸ਼ਟੀ ਨਾਲ ਤਿਆਰ ਕੀਤਾ ਸੀ ਤੇ ਇੱਕ ਅਜਿਹੀ ਪ੍ਰਣਾਲੀ ਕਾਇਮ ਕਰਨ ਉੱਤੇ ਜ਼ੋਰ ਦਿੱਤਾ ਸੀ, ਜਿਹੜੀ ਪ੍ਰਗਤੀ ਦੇ ਰਾਹ ਉੱਤੇ ਅੱਗੇ ਤੁਰੇ ਅਤੇ ਦਯਾਵਾਨ ਹੋਵੇ।’

ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 31 ਅਕਤੂਬਰ, 2017 ਨੂੰ ਸਰਦਾਰ ਪਟੇਲ ਦੀ 142ਵੀਂ ਜਯੰਤੀ ਮੌਕੇ ਦਿੱਤੇ ਭਾਸ਼ਣ ਦੇ ਉਸ ਹਿੱਸੇ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ, ਜਦੋਂ ਉਨ੍ਹਾਂ ਆਖਿਆ ਸੀ: ‘ਆਜ਼ਾਦੀ–ਪ੍ਰਾਪਤੀ ਤੋਂ ਬਾਅਦ, ਇਸ ਮਹਾਨ ਸ਼ਖ਼ਸ ਨੇ ਆਪਣੇ ਹੁਨਰ, ਸੰਘਰਸ਼ਾਂ, ਤਾਕਤ ਤੇ ਰਾਸ਼ਟਰ ਪਤੀ ਆਪਣੇ ਸਰਬਉੱਚ ਸਮਰਪਣ ਰਾਹੀਂ ਕਈ ਵਾਰ ਸੰਕਟ ਦੇ ਸਮੇਂ ਦੇਸ਼ ਨੂੰ ਬਚਾਇਆ ਸੀ, ਖ਼ਾਸ ਕਰ ਕੇ ਜਦੋਂ ਦੇਸ਼ ਟੁੱਟਣ ਦੇ ਕੰਢੇ ਲਾ ਗਿਆ ਸੀ। ਉਨ੍ਹਾਂ ਆਜ਼ਾਦੀ ਸਮੇਂ ਦੇਸ਼ ਨੂੰ ਨਾ ਸਿਰਫ਼ ਸਮੱਸਿਆਵਾਂ ਵਿੱਚੋਂ ਨਿੱਕਲਣ ਦਾ ਰਾਹ ਵਿਖਾਇਆ ਸੀ, ਸਗੋਂ ਅਜਿਹੀਆਂ ਛੋਟੀਆਂ–ਛੋਟੀਆਂ ਰਿਆਸਤਾਂ ਨੂੰ ਸੰਗਠਿਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਸੀ, ਜਿਹੜੀਆਂ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਭਾਰਤ ਤੋਂ ਵੱਖ ਹੋਣਾ ਚਾਹੁੰਦੀਆਂ ਸਨ। ਉਨ੍ਹਾਂ ਅੰਗਰੇਜ਼ਾਂ ਦੀਆਂ ਛੋਟੀਆਂ–ਛੋਟੀਆਂ ਰਿਆਸਤਾਂ ਵਿੱਚ ਵੰਡ ਕੇ ਭਾਰਤ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਇੱਛਾਵਾਂ ਪੂਰੀਆਂ ਨਾ ਹੋਣ ਦਿੱਤੀਆਂ। ਇਹ ਸਰਦਾਰ ਵੱਲਭਭਾਈ ਪਟੇਲ ਦੀ ਚਿਰਕਾਲੀ ਦੂਰ–ਦ੍ਰਿਸ਼ਟੀ ਸੀ ਤੇ ਉਨ੍ਹਾਂ ਨੇ ਆਪਣੀ ਕੂਟਨੀਤੀ ਤੇ ਰਣਨੀਤੀਆਂ ਵਰਤਦਿਆਂ ਦੇਸ਼ ਨੂੰ ਇੱਕ ਧਾਗੇ ਵਿੱਚ ਪਿਰੋ ਕੇ ਰੱਖਿਆ। ਨਵੀਂ ਪੀੜ੍ਹੀ ਨੂੰ ਸਰਦਾਰ ਵੱਲਭਭਾਈ ਪਟੇਲ ਬਾਰੇ ਕੁਝ ਦੱਸਣ ਦਾ ਕੋਈ ਯਤਨ ਹੀ ਨਹੀਂ ਕੀਤਾ ਗਿਆ।’

ਇਹ ਕਹਿਣ ਦੀ ਕੋਈ ਲੋੜ ਨਹੀਂ ਹੈ ਕਿ ਸਾਨੂੰ ਇੱਕ ਨਵ–ਭਾਰਤ ਦੀ ਉਸਾਰੀ ਲਈ ਸਰਦਾਰ ਪਟੇਲ ਦੁਆਰਾ ਦਿਖਾਏ ਸ਼ਾਂਤੀ, ਸਮਾਨਤਾ, ਨਿਆਂ ਤੇ ਭਾਈਚਾਰੇ ਦੇ ਮਾਰਗ ਉੱਤੇ ਖ਼ੁਦ ਨੂੰ ਮੁੜ–ਸਮਰਪਿਤ ਕਰਨ ਦੀ ਜ਼ਰੂਰਤ ਹੈ। ਇੱਕ ਰਾਸ਼ਟਰ ਵਜੋਂ ਭਾਰਤ ਵਿਭਿੰਨਤਾਵਾਂ ਨਾਲ ਭਰਪੂਰ ਹੈ। ਵਿਭਿੰਨਤਾ ’ਚ ਏਕਤਾ ਹੀ ਭਾਰਤ ਦੇ ਰਾਸ਼ਟਰੀ ਲੋਕਾਚਾਰ ਤੇ ਕਦਰਾਂ–ਕੀਮਤਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ, ਜਿਸ ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਸਾਰੇ ਇਸ ਤੱਥ ’ਚੋਂ ਹੀ ਆਪਣਾ ਮਾਣ ਲੱਭਦੇ ਹਾਂ ਕਿ ਅਸੀਂ ਦੁਨੀਆ ਦੇ ਹਰੇਕ ਧਾਰਮਿਕ ਵਿਸ਼ਵਾਸ, ਰਵਾਇਤ, ਵਿਚਾਰਧਾਰਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਪਣਾਇਆ ਹੈ ਪਰ ਅਸੀਂ ਰਾਸ਼ਟਰ ਦੀ ਜ਼ਰੂਰਤ ਤੇ ਉਸ ਦੀ ਭਲਾਈ ਲਈ ਸੇਵਾ ਕਰਨ ਦੇ ਮਾਮਲੇ ਵਿੱਚ ਸਦਾ ਹੀ ਪੂਰੀ ਤਰ੍ਹਾਂ ਇਕਜੁੱਟ ਹਾਂ। ਸਾਲ 2022 ’ਚ ਅਸੀਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਵਾਂਗੇ। ਦੇਸ਼ ਲਈ ਅਣਗਿਣਤ ਦੇਸ਼–ਭਗਤ ਜੀਵੇ ਤੇ ਸ਼ਹੀਦ ਹੋ ਗਏ। ਸਾਨੂੰ ਇੱਕ ਅਜਿਹੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਦਾ ਸੰਕਲਪ ਲੈਣ ਦੀ ਜ਼ਰੂਰਤ ਹੈ, ਜੋ ਆਪਣੇ ਸੁਪਨੇ ਸਾਕਾਰ ਕਰ ਸਕੇ ਤੇ ਇੱਛਾਵਾਂ ਦੀ ਪੂਰਤੀ ਕਰ ਸਕੇ।

ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕਿਵੇਂ ਕਰਨਾ ਹੈ? ਸਰਦਾਰ ਪਟੇਲ ਨੇ ਆਪਣੇ ਸ਼ਬਦਾਂ ਵਿੱਚ ਇਹ ਮੰਤਰ ਵੀ ਸਾਂਝਾ ਕੀਤਾ ਹੈ: ‘ਇੱਕ ਮਜ਼ਬੂਤ, ਆਜ਼ਾਦ ਭਾਰਤ ਦੀ ਉਸਾਰੀ ਲਈ ਪਹਿਲੀ ਜ਼ਰੂਰਤ ਏਕਤਾ ਤੇ ਸ਼ਾਂਤੀ ਹੁੰਦੀ ਹੈ। ਜੇ ਦੇਸ਼ ਵਿੱਚ ਏਕਤਾ ਨਹੀਂ, ਤਾਂ ਇਸ ਨੇ ਹੇਠਾਂ ਵੱਲ ਹੀ ਜਾਣਾ ਹੈ। ਇਸ ਲਈ, ਸਾਨੂੰ ਸਭ ਤੋਂ ਪਹਿਲਾਂ ਆਪਣੇ ਮਤਭੇਦ ਦੂਰ ਕਰਨੇ ਹੋਣਗੇ ਤੇ ਦੇਸ਼ ਵਿੱਚ ਪੂਰੀ ਇੱਕਸੁਰਤਾ ਸ਼ਾਂਤੀ ਕਾਇਮ ਰੱਖਣ ਲਈ ਉਹੋ ਜਿਹਾ ਵਿਵਹਾਰ ਵੀ ਰੱਖਣਾ ਹੋਵੇਗਾ। ਤੁਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਸਿਰਫ਼ ਸਰਕਾਰ ਹੀ ਤਾਕਤ ਦੀ ਵਰਤੋਂ ਕਰ ਕੇ ਸ਼ਾਂਤੀ ਕਾਇਮ ਕਰਨ ਦੀ ਜ਼ਿੰਮੇਵਾਰੀ ਸੰਭਾਲ਼ਦੀ ਰਹੇ। ਉਹ ਦਿਨ ਬਹੁਤ ਭੈੜਾ ਹੋਵੇਗਾ, ਜਦੋਂ ਇਸ ਦੇਸ਼ ਦੀ ਸਰਕਾਰ ਨੂੰ ਪੱਕੇ ਤੌਰ ਉੱਤੇ ਦਮਨਕਾਰੀ ਕਦਮ ਚੁੱਕਣ ਦੀ ਲੋੜ ਪਵੇ। ਅੱਜ ਅਸੀਂ ਸੰਕਟ ਦੇ ਦੌਰ ਵਿੱਚੋਂ ਲੰਘ ਰਹੇ ਹਾਂ ਤੇ ਸਾਡੇ ਨੌਜਵਾਨ ਆਪਣੀ ਬੇਸਬਰੀ ਨਾਲ ਇਹ ਮਹਿਸੂਸ ਨਹੀਂ ਕਰਦੇ ਕਿ ਇੰਨੇ ਔਖੀਆਂ ਸਥਿਤੀਆਂ ਵਿੱਚੋਂ ਲੰਘ ਕੇ ਹਾਸਲ ਕੀਤੀ ਗਈ ਆਜ਼ਾਦੀ ਦੇ ਮੁੜ ਗੁਆਚਣ ਦੀ ਸੰਭਾਵਨਾ ਬਣ ਜਾਵੇਗੀ ਜਾਂ ਉਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ, ਜੇ ਅਸੀਂ ਏਕਤਾ ਨੂੰ ਕਾਇਮ ਰੱਖਣ ਤੇ ਆਪਣੀ ਆਜ਼ਾਦੀ ਨੂੰ ਹੋਰ ਸੰਗਠਿਤ ਕਰਨ ਦਾ ਆਪਣਾ ਮੌਜੂਦਾ ਫ਼ਰਜ਼ ਨਹੀਂ ਨਿਭਾਵਾਂਗੇ।’

(ਲੇਖਕ ਇੱਕ ਸੀਨੀਅਰ ਪੱਤਰਕਾਰ ਤੇ ਲੇਖਕ ਹਨ। ਉਪਰੋਕਤ ਵਿਚਾਰ ਪੂਰੀ ਤਰ੍ਹਾਂ ਨਿਜੀ ਹਨ।)

Share This Article
Leave a Comment